ਟਰਾਂਸਫਾਰਮਰ ’ਚ ਜ਼ੋਰਦਾਰ ਧਮਾਕਾ ਹੋਣ ਨਾਲ ਲੱਗੀ ਅੱਗ
Thursday, Jul 04, 2024 - 03:46 PM (IST)
ਅਬੋਹਰ (ਸੁਨੀਲ) : ਬੀਤੀ ਦੇਰ ਰਾਤ ਸਥਾਨਕ ਮੱਕੜ ਕਾਲੋਨੀ 'ਚ ਟਰਾਂਸਫਾਰਮਰ 'ਚ ਜ਼ੋਰਦਾਰ ਧਮਾਕਾ ਹੋਣ ਨਾਲ ਅੱਗ ਲੱਗ ਗਈ। ਵੀਰਵਾਰ ਦੁਪਹਿਰ ਤੱਕ ਲਾਈਟਾਂ ਨਾ ਚੱਲਣ ਕਾਰਨ ਸਮੁੱਚੀ ਕਾਲੋਨੀ ਦੇ ਲੋਕ ਕੜਾਕੇ ਦੀ ਗਰਮੀ ਵਿੱਚ ਪਰੇਸ਼ਾਨ ਰਹੇ। ਇੱਥੋਂ ਦੇ ਵਸਨੀਕ ਅਮਨਦੀਪ ਅਤੇ ਬਿੱਟੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਉਨ੍ਹਾਂ ਨੇ ਗਲੀ ਵਿਚ ਜ਼ਬਰਦਸਤ ਧਮਾਕਾ ਹੋਇਆ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਲੱਗਿਆ ਵੱਡਾ ਬਿਜਲੀ ਦਾ ਟਰਾਂਸਫਾਰਮਰ ਓਵਰਲੋਡ ਹੋਣ ਕਾਰਨ ਸੜ ਰਿਹਾ ਸੀ।
ਜਿਸ ਕਾਰਨ ਪੂਰੀ ਕਾਲੋਨੀ ਦੀ ਲਾਈਟ ਬੰਦ ਹੋ ਗਈ ਅਤੇ ਮੁਹੱਲੇ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਉਨ੍ਹਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ’ਤੇ ਫਾਇਰ ਬ੍ਰਿਗੇਡ ਦੀ ਛੋਟੀ ਗੱਡੀ ਮੌਕੇ ’ਤੇ ਪਹੁੰਚ ਗਈ, ਜਦਕਿ ਦੂਜੇ ਪਾਸੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ’ਤੇ ਪਿੱਛੇ ਤੋਂ ਲਾਈਟਾਂ ਬੰਦ ਕਰਕੇ ਅੱਗ ’ਤੇ ਕਾਬੂ ਪਾਇਆ ਗਿਆ।
ਬਿਜਲੀ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਰਾਤ ਨੂੰ ਸੂਚਨਾ ਮਿਲਦੇ ਹੀ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਸਵੇਰੇ ਬਿਜਲੀ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬਿਜਲੀ ਵਿਵਸਥਾ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।