ਟਾਇਰਾਂ ਦੇ ਗੋਦਾਮ ਨੂੰ ਲੱਗੀ ਅੱਗ

Monday, Jun 19, 2017 - 08:04 AM (IST)

ਮਲੋਟ (ਜੁਨੇਜਾ) - ਸਥਾਨਕ ਸ਼ਹਿਰ 'ਚ ਪੁਰਾਣੇ ਟਾਇਰਾਂ ਦੇ ਗੋਦਾਮ ਨੂੰ ਅਚਾਨਕ ਲੱਗੀ ਅੱਗ ਕਾਰਨ ਹਜ਼ਾਰਾਂ ਰੁਪਏ ਦੇ ਟਾਇਰ ਸੜ ਕੇ ਸੁਆਹ ਹੋ ਗਏ। ਸਥਾਨਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ
ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਦਾਮ ਦੇ ਮਾਲਕ ਨਰੇਸ਼ ਕੁਮਾਰ ਮਲੂਜਾ ਪੁੱਤਰ ਸ਼ਗਨ ਲਾਲ ਮਲੂਜਾ ਨੇ ਦੱਸਿਆ ਕਿ ਸ਼ਾਮ 6:45 'ਤੇ ਉਨ੍ਹਾਂ ਨੂੰ ਗੁਆਂਢੀ ਵੱਲੋਂ ਫੋਨ 'ਤੇ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਟਾਇਰਾਂ ਦੇ ਗੋਦਾਮ 'ਚੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਦਿਆਂ ਸਾਰ ਹੀ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਅਫ਼ਸਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਅੱਗ ਬੁਝਾਊ ਅਮਲਾ ਗੱਡੀਆਂ ਸਣੇ ਮੌਕੇ 'ਤੇ ਪੁੱਜ ਗਿਆ ਤੇ ਫਾਇਰਮੈਨਾਂ ਰਜਿੰਦਰਪਾਲ ਸਿੰਘ, ਜਗਦੀਪ ਸਿੰਘ, ਪਿੱਪਲ ਸਿੰਘ, ਗੁਰਸ਼ਰਨ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਰਵਿੰਦਰ ਸਿੰਘ, ਸ਼ੇਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਗੋਦਾਮ 'ਚ ਹਜ਼ਾਰਾਂ ਰੁਪਏ ਦੇ ਪੁਰਾਣੇ ਟਾਇਰ ਪਏ ਹੋਏ ਸਨ, ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


Related News