ਨਕੋਦਰ 'ਚ ਬੰਦ ਦੌਰਾਨ ਚੱਲੀ ਗੋਲੀ, ਹਾਲਾਤ ਤਣਾਅਪੂਰਨ

09/07/2019 2:30:51 PM

ਨਕੋਦਰ (ਪਾਲੀ) : ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਨੂੰ ਪ੍ਰੋਗਰਾਮ 'ਰਾਮ ਸੀਆ ਕੇ ਲਵ ਕੁਸ਼ 'ਚ ਤੋੜ ਮਰੋੜ ਕੇ ਪ੍ਰਸਾਰਿਤ ਕਾਰਨ ਗੁੱਸੇ 'ਚ ਆਏ ਵਾਲਮੀਕਿ ਭਾਈਚਾਰੇ ਨੇ 7 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਪੂਰੇ ਪੰਜਾਬ 'ਚ ਸੁੰਨ ਪੱਸਰੀ ਰਹੀ। ਸੂਤਰਾਂ ਅਨੁਸਾਰ ਨਕੋਦਰ 'ਚ ਇਕ ਦੁਕਾਨਦਾਰ ਵਲੋਂ ਆਪਣੀ ਦੁਕਾਨ ਖੋਲ੍ਹੀ ਗਈ ਸੀ। ਦੁਪਹਿਰ ਸਮੇਂ ਨਕੋਦਰ-ਮਲਸੀਆਂ ਬਾਈਪਾਸ 'ਤੇ ਇਕ ਦੁਕਾਨਦਾਰ ਅਤੇ ਕੁਝ ਨੌਜਵਾਨ ਪ੍ਰਦਰਸ਼ਨਕਾਰੀਆਂ 'ਚ ਹੋਈ ਬਹਿਸ ਦੌਰਾਨ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ 1 ਨੌਜਵਾਨ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ (28) ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਵਜੋਂ ਹੋਈ ਹੈ, ਜਿਸ ਨੂੰ ਪਹਿਲਾਂ ਨਕੋਦਰ ਫਿਰ ਹਾਲਤ ਗੰਭੀਰ ਹੋਣ ਕਾਰਣ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਸਾਰ ਤੁਰੰਤ ਮੌਕੇ 'ਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ, ਐੱਸ. ਪੀ. ਪਰਮਿੰਦਰ ਸਿੰਘ ਹੀਰ, ਏ. ਐੱਸ. ਪੀ. ਵਤਸਲਾ ਗੁਪਤਾ, ਡੀ. ਐੱਸ. ਪੀ. ਸੁਰਿੰਦਰਪਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ। ਪੁਲਸ ਵਲੋਂ ਗੋਲੀ ਚਲਾਉਣ ਵਾਲੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗੁੱਸੇ 'ਚ ਆਏ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੂੰ ਸ਼ਾਂਤ ਕਰ ਕੇ ਵਿਗੜੇ ਹਾਲਾਤ 'ਤੇ ਕਾਬੂ ਪਾਇਆ।

PunjabKesariਜ਼ਖਮੀ ਨੌਜਵਾਨ ਦੀ ਮਾਤਾ ਗੁਰਮੀਤ ਕੌਰ ਪਤਨੀ ਹਰੀ ਸਿੰਘ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰਾ ਲੜਕਾ ਗੁਰਪ੍ਰੀਤ ਸਿੰਘ ਉਰਫ ਗੋਪੀ (28) ਦੁਕਾਨ ਤੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਬੰਦ ਸਬੰਧੀ ਕਰੀਬ 12.40 'ਤੇ ਮਲਸੀਆਂ ਬਾਈਪਾਸ 'ਤੇ ਧਾਰਮਿਕ ਡੇਰੇ ਨਜ਼ਦੀਕ ਦੋਆਬਾ ਇਲੈਕਟ੍ਰੀਕਲ ਵਰਕਸ ਦੇ ਬਾਹਰ ਕੁਝ ਲੜਕੇ ਦੁਕਾਨ ਦੇ ਮਾਲਕ ਨਿਰਵੈਰ ਸਿੰਘ ਅਤੇ ਉਸ ਦੇ ਭਰਾ ਕੁਲਵਿੰਦਰ ਸਿੰਘ ਨਾਲ ਦੁਕਾਨ ਬੰਦ ਕਰਵਾਉਣ ਨੂੰ ਲੈ ਕੇ ਉਲਝ ਰਹੇ ਸਨ, ਇੰਨੇ ਨੂੰ ਨਿਰਵੈਰ ਸਿੰਘ ਨੇ ਆਪਣੀ ਡੱਬ 'ਚੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ 'ਚੋਂ ਇਕ ਗੋਲੀ ਮੇਰੇ ਲੜਕੇ ਗੁਰਪ੍ਰੀਤ ਸਿੰਘ ਦੇ ਪੇਟ 'ਚ ਲੱਗੀ ਅਤੇ ਗੁਰਪ੍ਰੀਤ ਖੂਨ ਨਾਲ ਲਥਪਥ ਹੋ ਕੇ ਜ਼ਖਮੀ ਹਾਲਤ 'ਚ ਜ਼ਮੀਨ 'ਤੇ ਡਿੱਗ ਗਿਆ। ਉਕਤ ਵਿਅਕਤੀਆਂ ਨੇ ਜਾਤੀਸੂਚਕ ਸ਼ਬਦ ਵੀ ਕਹੇ।
ਇਸ ਸਬੰਧੀ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੁਕਾਨਦਾਰ ਨਿਰਵੈਰ ਸਿੰਘ ਨੂੰ ਹਿਰਾਸਤ 'ਚ ਲੈ ਕੇ ਉਸ ਦਾ ਪਿਸਤੌਲ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਜ਼ਖਮੀ ਨੌਜਵਾਨ ਦੀ ਮਾਤਾ ਦੇ ਬਿਆਨਾਂ 'ਤੇ ਨਿਰਵੈਰ ਸਿੰਘ ਤੇ ਉਸ ਦੇ ਭਰਾ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅੰਗਾਕੀੜੀ ਥਾਣਾ ਮਹਿਤਪੁਰ ਖਿਲਾਫ ਸਿਟੀ ਥਾਣਾ ਨਕੋਦਰ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਗੁੱਸੇ 'ਚ ਆਏ ਨੌਜਵਾਨਾਂ ਨੇ ਦੁਕਾਨ ਦੀ ਕਾਫੀ ਭੰਨ-ਤੋੜ ਕਰ ਦਿੱਤੀ। ਇਸ ਦੌਰਾਨ ਦੁਕਾਨ ਦੇ ਸਾਰੇ ਸ਼ੀਸ਼ੇ ਅਤੇ ਬਾਹਰ ਖੜ੍ਹਾ ਇਕ ਮੋਟਰਸਾਈਕਲ ਵੀ ਭੰਨਤੋੜ ਦਿੱਤਾ ।


Anuradha

Content Editor

Related News