ਲੁਧਿਆਣਾ ਦੀ ਕੈਮੀਕਲ ਫੈਕਟਰੀ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਮੌਕੇ 'ਤੇ

11/27/2017 4:39:35 AM

ਲੁਧਿਆਣਾ-ਥਾਣਾ ਦਰੇਸੀ ਇਲਾਕੇ ਕਿਰਪਾਲ ਨਗਰ 'ਚ ਪੇਪਰ ਰੋਲ ਫੈਕਟਰੀ ਊਸ਼ਾ ਇੰਕ ਵਿਖੇ ਐਤਵਾਰ ਰਾਤ 8.40 ਵਜੇ ਗਰਾਊਂਡ ਫਲੋਰ 'ਤੇ ਅੱਗ ਲੱਗ ਗਈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਗ ਦੀ ਲਪੇਟ 'ਚ ਆਏ ਡਰੰਮਾਂ 'ਚ ਕੈਮੀਕਲ ਸੀ, ਜਿਸ ਕਾਰਨ 20 ਮਿੰਟ 'ਚ ਇਕ ਤੋਂ ਬਾਅਦ ਇਕ 5 ਧਮਾਕੇ ਹੋਏ ਅਤੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਆਲੇ-ਦੁਆਲੇ ਸੰਘਣੀ ਆਬਾਦੀ 'ਚ ਰਹਿ ਰਹੇ ਲੋਕਾਂ ਨੇ ਘਰ ਖਾਲੀ ਕਰ ਦਿੱਤੇ। ਪਤਾ ਲੱਗਦੇ ਹੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਬਾਹਰੋਂ ਅੱਗ 'ਤੇ ਕਾਬੂ ਪਾ ਲਿਆ ਪਰ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਘੰਟਿਆਂਬੱਧੀ ਬਾਹਰ ਇੰਤਜ਼ਾਰ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਵਾਪਸ ਆ ਗਏ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਅੰਦਰ ਜਾ ਕੇ ਸੌਣ ਦੀ ਹਿੰਮਤ ਨਹੀਂ ਸੀ।
 

PunjabKesari

ਜਾਣਕਾਰੀ ਮੁਤਾਬਕ ਸੁਦਰਸ਼ਨ ਕੁਮਾਰ ਲਗਭਗ 4 ਸਾਲਾਂ ਤੋਂ ਉਕਤ ਕਿਰਾਏ ਦੀ ਥਾਂ 'ਤੇ ਫੈਕਟਰੀ ਚਲਾ ਰਿਹਾ ਹੈ। ਐਤਵਾਰ ਦਾ ਦਿਨ ਹੋਣ ਕਾਰਨ ਕੋਈ ਕੰਮ 'ਤੇ ਨਹੀਂ ਆਇਆ। ਦੇਰ ਸ਼ਾਮ ਅਚਾਨਕ ਇਕ ਤੋਂ ਬਾਅਦ ਇਕ ਧਮਾਕੇ ਹੋਣ 'ਤੇ ਆਲੇ-ਦੁਆਲੇ ਦੇ ਘਰਾਂ ਦੇ ਲੋਕ ਬਾਹਰ ਆਏ ਅਤੇ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕਰ ਕੇ ਸੂਚਨਾ ਦਿੱਤੀ। ਫੈਕਟਰੀ ਦੇ ਬਾਹਰ ਟਰਾਂਸਫਾਰਮਰ ਲੱਗਾ ਹੋਇਆ ਹੈ, ਬਚਾਅ ਕਰਮਚਾਰੀਆਂ ਨੇ ਇਲਾਕੇ ਦੀ ਲਾਈਟ ਬੰਦ ਕਰਵਾ ਦਿੱਤੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਅਤੇ ਗੈਸ ਸਿਲੰਡਰ ਤੱਕ ਬਾਹਰ ਕੱਢ ਦਿੱਤੇ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੂੰ ਤੰਗ ਗਲੀਆਂ ਹੋਣ ਕਾਰਨ ਕਾਫੀ ਜੱਦੋ-ਜਹਿਦ ਕਰਨੀ ਪਈ ਅਤੇ ਮੇਨ ਰੋਡ ਤੋਂ ਲਗਭਗ 700 ਫੁੱਟ ਤੱਕ ਪਾਈਪਾਂ ਜੋੜਨੀਆਂ ਪਈਆਂ। ਤੰਗ ਗਲੀਆਂ ਵਿਚ ਵਿਭਾਗ ਦਾ ਪਾਣੀ ਦਾ ਟੈਂਕਰ ਤੱਕ ਫਸ ਗਿਆ। ਫਾਇਰ ਕਰਮਚਾਰੀਆਂ ਵਲੋਂ ਕੁਝ ਮਿੰਟਾਂ ਵਿਚ ਲੱਖਾਂ ਦੀ ਫੋਮ ਦੀ ਵਰਤੋਂ ਕਰ ਕੇ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ।

 

PunjabKesari

 


Related News