ਇਨਵਰਟਰ ਦੀ ਬੈਟਰੀ ਕਾਰਨ 2 ਮੰਜ਼ਿਲਾ ਦੁਕਾਨ ’ਚ ਲੱਗੀ ਅੱਗ

05/30/2023 1:20:36 PM

ਲੁਧਿਆਣਾ (ਜ.ਬ.) : ਇਨਵਰਟਰ ਦੀ ਬੈਟਰੀ ਨੂੰ ਲੱਗੀ ਅੱਗ ਕਾਰਨ ਫੀਲਡ ਗੰਜ ਸਥਿਤ ਇਕ ਦੋ ਮੰਜ਼ਿਲਾ ਦੁਕਾਨ ’ਚ ਅੱਗ ਲੱਗ ਗਈ। ਪਹਿਲਾਂ ਦੁਕਾਨਦਾਰ ਨੇ ਆਂਢ-ਗੁਆਂਢ ਦੀ ਮਦਦ ਨਾਲ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਹੋਰ ਤੇਜ਼ ਹੋ ਗਈ, ਜਿਸ ਤੋਂ ਬਾਅਦ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ 2 ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਹ ਘਟਨਾ ਸੋਮਵਾਰ ਸਵੇਰ ਦੀ ਹੈ।

ਫੀਲਡਗੰਜ ਦੇ ਕੂਚਾ ਨੰਬਰ-5 ਵਿਚ ਅਰੋੜਾ ਬਿਊਟੀ ਸੈਂਟਰ ਦੇ ਨਾਂ ਨਾਲ ਦੁਕਾਨ ਹੈ। ਦੁਕਾਨਦਾਰ ਰਾਜ ਅਰੋੜਾ ਨੇ ਦੱਸਿਆ ਕਿ ਸੋਮਵਾਰ ਨੂੰ ਮਾਰਕੀਟ ਬੰਦ ਹੁੰਦੀ ਹੈ। ਉਸ ਦੀ ਧੀ ਦੁਕਾਨ ’ਤੇ ਕੁੱਝ ਸਾਮਾਨ ਭੁੱਲ ਗਈ ਸੀ। ਸੋਮਵਾਰ ਉਸ ਦੀ ਧੀ ਦੁਕਾਨ ’ਤੇ ਗਈ ਸੀ। ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਸੀ। ਜਦੋਂ ਉਹ ਦੁਕਾਨ ਖੋਲ੍ਹਣ ਲੱਗੇ ਤਾਂ ਅਚਾਨਕ ਅੱਗ ਦੇ ਭਾਂਬੜ ਨਿਕਲਣ ਲੱਗੇ। ਲੋਕਾਂ ਨੇ ਅੱਗ ਬੁਝਾਉਣ ਦਾ ਯਤਨ ਸ਼ੁਰੂ ਕੀਤਾ ਅਤੇ ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ।

ਇਸ ਤੋਂ ਬਾਅਦ 2 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਰਾਜ ਅਰੋੜਾ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੁਕਾਨ ’ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਇਨਵਰਟਰ ਬੈਟਰੀ ਤੋਂ ਨਿਕਲੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਸ਼ੱਕ ਹੈ। ਦੋਵੇਂ ਮੰਜ਼ਿਲਾਂ ’ਤੇ ਸਾਮਾਨ ਸੜ ਕੇ ਸੁਆਹ ਹੋ ਗਿਆ।
 


Babita

Content Editor

Related News