ਫਲੈਟ 'ਚ ਜ਼ੋਰਦਾਰ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ, ਨੌਜਵਾਨ ਨੇ ਮਸਾਂ ਬਚਾਈ ਜਾਨ

Thursday, Aug 22, 2024 - 11:15 AM (IST)

ਖਰੜ (ਰਣਬੀਰ) : ਖਰੜ-ਲਾਂਡਰਾਂ ਰੋਡ ਸਥਿਤ ਸਿੰਗਲਾ ਬਿਲਡਰਜ਼ ਤੇ ਪ੍ਰੋਮੋਟਰਜ਼ ਦੇ ਪ੍ਰਾਜੈਕਟ ਸਿਟੀ ਆਫ਼ ਡ੍ਰੀਮਜ਼ ਦੇ ਐਲੀਨਾ ਟਾਵਰ ’ਚ ਇਕ ਤੋਂ ਬਾਅਦ ਇਕ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਨੂੰ ਸੁਸਾਇਟੀ ਦੀ ਦੂਜੀ ਮੰਜ਼ਿਲ ’ਤੇ ਫਲੈਟ ਨੰਬਰ 2070 ’ਚ ਅੱਗ ਲੱਗ ਗਈ। ਇਸ ਦੇ ਪਿੱਛੇ ਸ਼ਾਰਟ ਸਰਕਟ ਕਾਰਨ ਸਾਹਮਣੇ ਆ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਟੀਮ ਦੀ ਮਦਦ ਨਾਲ ਕਰੀਬ 2 ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਘਰ ’ਚ ਮੌਜੂਦ ਕੀਮਤੀ ਸਾਮਾਨ ਤੇ 2 ਲੱਖ ਰੁਪਏ ਸੜ ਕੇ ਸੁਆਹ ਹੋ ਗਏ। ਕਿਰਾਏ 'ਤੇ ਰਹਿਣ ਵਾਲੇ ਆਰਕੀਟੈਕਟ ਕਰਮਵੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸਵੇਰੇ ਕਰੀਬ 10 ਵਜੇ ਕੰਮ ’ਤੇ ਚਲੇ ਗਏ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਦਾਖ਼ਲਿਆਂ ਦੀ ਤਾਰੀਖ਼ 'ਚ ਹੋਇਆ ਵਾਧਾ

ਕਰੀਬ ਸਵਾ 11 ਵਜੇ ਉਨ੍ਹਾਂ ਨੂੰ ਫਲੈਟ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਜਿਵੇਂ ਹੀ ਉਹ ਮੌਕੇ ’ਤੇ ਪਹੁੰਚੇ ਤਾਂ ਚਚੇਰੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਉਹ ਕਮਰੇ ’ਚ ਸੁੱਤਾ ਪਿਆ ਸੀ ਕਿ ਇਸ ਦੌਰਾਨ ਫਲੈਟ ’ਚ ਸ਼ਾਰਟ ਸਰਕਟ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਫਲੈਟ ’ਚ ਅੱਗ ਲੱਗ ਗਈ। ਲਵਪ੍ਰੀਤ ਉੱਪਰ ਪਰਦਾ ਡਿੱਗਣ ਨਾਲ ਉਸ ਨੂੰ ਅੱਗ ਲੱਗਣ ਦਾ ਪਤਾ ਲੱਗਾ, ਜਦੋਂ ਤੱਕ ਕਿ ਉਹ ਕੁਝ ਸਮਝਦਾ ਫਲੈਟ ਦੇ ਤਿੰਨ ਕਮਰਿਆਂ ’ਚ ਅੱਗ ਪੂਰੀ ਤਰ੍ਹਾਂ ਨਾਲ ਫੈਲ ਚੁੱਕੀ ਸੀ। ਉਸ ਨੇ ਜ਼ਮੀਨ ’ਤੇ ਕਿਸੀ ਤਰ੍ਹਾਂ ਆਪਣੀ ਜਾਨ ਬਚਾਈ। ਇਸ ਪਿੱਛੋਂ ਉਸਨੇ ਮਦਦ ਲਈ ਲੋਕਾਂ ਨੂੰ ਬੁਲਾਇਆ। ਇਸ ਨਾਲ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਸੁਸਾਇਟੀ ਦੀ ਮੇਂਟੇਨੈਂਸ ਟੀਮ ਵੀ ਮੌਕੇ ’ਤੇ ਪਹੁੰਚੀ।

ਇਹ ਵੀ ਪੜ੍ਹੋ : PGI ਦੇ ਡਾਕਟਰ ਹੁਣ ਟੈਂਟ ’ਚ ਦੇਖਣਗੇ ਮਰੀਜ਼, GMCH ’ਚ ਆਨਲਾਈਨ ਰਜਿਸਟ੍ਰੇਸ਼ਨ ਬੰਦ
ਪਲਾਂ ’ਚ ਖਾਕ ਹੋਈ ਸਾਲਾਂ ਦੀ ਮਿਹਨਤ
ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ 20 ’ਚੋਂ ਸਿਰਫ਼ 4 ਅੱਗ ਬੁਝਾਓ ਯੰਤਰ ਹੀ ਕੰਮ ਕਰ ਰਹੇ ਸਨ। ਘਰ ’ਚ 2 ਐੱਲ. ਈ. ਡੀ., ਕੰਪਿਊਟਰ ਸਿਸਟਮ, ਫਰਨੀਚਰ, ਟੈਬ, ਲੈਪਟਾਪ, ਆਈਫੋਨ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਬਹਾਦਰੀ ਦਿਖਾਉਂਦਿਆਂ ਰਸੋਈ ’ਚੋਂ ਐੱਲ. ਪੀ. ਜੀ. ਸਿਲੰਡਰ ਬਾਹਰ ਕੱਢਿਆ ਸੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਉਸ ਨੂੰ ਕੰਪੋਜ਼ਿੰਗ ਦਾ ਸ਼ੌਕ ਹੈ, ਇਸ ਲਈ ਉਸ ਨੇ ਹਾਈਟੈਕ ਕੰਪਿਊਟਰ ਸਿਸਟਮ ਦੇ ਨਾਲ ਸਾਊਂਡ ਪਰੂਫ਼ ਕਮਰਾ ਵੀ ਤਿਆਰ ਕੀਤਾ ਸੀ। ਇਸ ਨੂੰ ਤਿਆਰ ਕਰਨ ’ਤੇ ਲੱਖਾਂ ਰੁਪਏ ਖ਼ਰਚ ਹੋਏ ਸਨ ਪਰ ਘਟਨਾ ਨੇ ਉਸਦੀ ਮਿਹਨਤ ਪਲਾਂ ’ਚ ਖ਼ਾਕ ਹੋ ਗਈ‌।
15 ਦਿਨਾਂ ’ਚ ਅੱਗ ਲੱਗਣ ਦੀ ਚੌਥੀ ਘਟਨਾ
ਕਰਮਵੀਰ ਨੇ ਦੱਸਿਆ ਕਿ ਸੁਸਾਇਟੀ ’ਚ 15 ਦਿਨਾਂ ਅੰਦਰ ਅੱਗ ਲੱਗਣ ਦੀ ਇਹ ਚੌਥੀ ਘਟਨਾ ਹੈ। ਰੈਜ਼ੀਡੈਂਟਜ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਨੇ ਜਨਵਰੀ 2024 ’ਚ ਸਬੰਧਿਤ ਬਿਲਡਰ ਨਾਲ ਫਾਇਰ ਸੇਫਟੀ ਸਿਸਟਮ ਨੂੰ ਠੀਕ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ 28 ਫਰਵਰੀ ਤੱਕ ਸਿਸਟਮ ਨੂੰ ਠੀਕ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਇਸ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ। ਹੈਰਾਨੀ ਦੀ ਗੱਲ ਹੈ ਕਿ ਫਾਇਰ ਸੇਫਟੀ ਸਿਸਟਮ ਦੇ ਸਬੰਧ ’ਚ ਪਾਈਪਲਾਈਨ ਖੋਲ੍ਹਣ ’ਤੇ ਪਾਣੀ ਹੀ ਨਹੀਂ ਆਇਆ। ਸੋਸਾਇਟੀ ’ਚ ਫਾਇਰ ਅਲਾਰਮ ਸਿਸਟਮ ਵੀ ਕੰਮ ਨਹੀਂ ਕਰਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News