ਟਾਇਰ ਫੈਕਟਰੀ ''ਚ ਅੱਗ, ਤਿੰਨ ਝੁਲਸੇ, ਪੀ. ਜੀ. ਆਈ. ਰੈਫਰ
Monday, Aug 21, 2017 - 07:53 AM (IST)

ਪੰਚਕੂਲਾ/ਰਾਏਪੁਰਾਨੀ (ਚੰਦਨ, ਸੰਜੇ) - ਪਿੰਡ ਬਾਗਵਾਲਾ 'ਚ ਫੈਕਟਰੀ ਵਿਚ ਕੰਮ ਕਰਦੇ ਸਮੇਂ ਦੋ ਲੜਕੇ ਤੇ ਇਕ ਲੜਕੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਪੰਚਕੂਲਾ ਸਥਿਤ ਜਨਰਲ ਹਸਪਤਾਲ ਤੋਂ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਿਥੇ ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ 75 ਫੀਸਦੀ ਸੜ ਚੁੱਕੇ ਹਨ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ, ਜਿਵੇਂ ਹੀ ਸੂਚਨਾ ਮਿਲੇਗੀ ਕਾਰਵਾਈ ਕੀਤੀ ਜਾਵੇਗੀ। ਜ਼ਖਮੀਆਂ ਦੇ ਨਾਲ ਪਹੁੰਚੇ ਸ਼ੰਕਰ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਲਗਭਗ 6 ਵਜੇ ਬਾਗਵਾਲਾ ਸਥਿਤ ਟਾਇਰ ਫੈਕਟਰੀ 'ਚ ਲੜਕੀ ਬਿਮਲਾ (18), ਵਾਸੂ (18) ਤੇ ਸੂਰਜ (15) ਕੰਮ ਕਰ ਰਹੇ ਸਨ। ਇਸ ਦੌਰਾਨ ਟਾਇਰ ਫੈਕਟਰੀ ਦੇ ਮੁਨਸ਼ੀ ਭੀਮ ਨੇ ਬਾਇਲਰ ਦਾ ਢੱਕਣ ਖੋਲ੍ਹਣ ਲਈ ਕਿਹਾ। ਢੱਕਣ ਖੋਲ੍ਹਦਿਆਂ ਹੀ ਤੇਜ਼ ਅੱਗ ਦਾ ਗੋਲਾ ਨਿਕਲਿਆ ਤੇ ਕੋਲ ਖੜ੍ਹੇ ਤਿੰਨੇ ਝੁਲਸ ਗਏ। ਪਰਿਵਾਰ ਦੇ ਦੋਸ਼ ਹਨ ਕਿ ਮੁਨਸ਼ੀ ਤੇ ਠੇਕੇਦਾਰ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਨਹੀਂ ਲੈ ਕੇ ਜਾ ਰਹੇ ਸਨ, ਜਦੋਂ ਵਿਰੋਧ ਕੀਤਾ, ਉਦੋਂ ਜ਼ਖਮੀਆਂ ਨੂੰ ਇਲਾਜ ਲਈ ਪੰਚਕੂਲਾ ਦੇ ਜਨਰਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਬਾਗਵਾਲਾ 'ਚ ਟਾਇਰ ਫੈਕਟਰੀ 'ਚ ਧਮਾਕਾ ਹੋਣ ਨਾਲ ਤਿੰਨ ਲੋਕਾਂ ਦੀ ਅੱਗ ਨਾਲ ਝੁਲਸਣ ਕਰਕੇ ਮੌਤ ਹੋ ਗਈ ਸੀ। ਇਹ ਸਪੱਸ਼ਟ ਹੈ ਕਿ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਚੱਲ ਰਹੀਆਂ ਅਜਿਹੀਆਂ ਫੈਕਟਰੀਆਂ 'ਤੇ ਪ੍ਰਸ਼ਾਸਨ ਸਿਕੰਜਾ ਕੱਸਣ 'ਚ ਅਸਫਲ ਹੈ ਕਿਉਂਕਿ ਇਥੇ ਕਿਸੇ ਤਰ੍ਹਾਂ ਦੀ ਸੇਫਟੀ ਵੱਲ ਧਿਆਨ ਨਹੀਂ ਦਿੱਤਾ ਜਾਂਦਾ।