ਧੀ ਦੀ ਬਰਾਤ ਆਉਣ ਤੋਂ ਪਹਿਲਾਂ ਹੀ ਤਬਾਹ ਹੋਈਆਂ ਖ਼ੁਸ਼ੀਆਂ, ਰੋਂਦੇ ਪਰਿਵਾਰ ਨੂੰ ਦੇਖ ਹਰ ਕਿਸੇ ਦਾ ਪਿਘਲਿਆ ਦਿਲ
Monday, Dec 21, 2020 - 12:05 PM (IST)
ਚੰਡੀਗੜ੍ਹ (ਸੁਸ਼ੀਲ, ਸੰਦੀਪ) : ਇੰਡਸਟ੍ਰੀਅਲ ਏਰੀਆ ਫੇਜ਼-1, ਚੰਡੀਗੜ੍ਹ ਸਥਿਤ ਕਾਲੋਨੀ ਨੰਬਰ-4 'ਚ 9 ਝੁੱਗੀਆਂ ਅੱਗ 'ਚ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਦੁਪਹਿਰ 3.30 ਵਜੇ ਕਾਲੋਨੀ ਨੰਬਰ-4 'ਚ ਬਿਜਲੀ ਦਫ਼ਤਰ ਦੇ ਬਾਹਰ ਰਹਿ ਰਹੇ ਲੋਕਾਂ 'ਚ ਅੱਗ ਦੀਆਂ ਲਪਟਾਂ ਦੇਖਦੇ ਹੀ ਹਫੜਾ-ਦਫ਼ੜੀ ਮਚ ਗਈ। ਕਾਲੋਨੀ ਦੇ ਬਾਹਰ ਪਖਾਨਿਆਂ ਦੇ ਨਜ਼ਦੀਕ ਬਣੀਆਂ ਰਜਾਈ ਵਾਲੇ ਦੀਆਂ 2 ਦੁਕਾਨਾਂ 'ਚ ਅਚਾਨਕ ਅੱਗ ਲੱਗ ਗਈ।
ਇਨ੍ਹਾਂ ਦੁਕਾਨਾਂ ਨਾਲ ਲੱਗਦੀਆਂ ਝੁੱਗੀਆਂ ਵੀ ਅੱਗ ਦੀ ਲਪੇਟ 'ਚ ਆ ਗਈਆਂ। ਝੁੱਗੀਆਂ ਦੀਆਂ ਛੱਤਾਂ ’ਤੇ ਪਲਾਸਟਿਕ ਦੀਆਂ ਚਾਦਰਾਂ ਅਤੇ ਘਾਹ-ਫੂਸ ਵਿਛਿਆ ਹੋਇਆ ਸੀ, ਜਿਨ੍ਹਾਂ ਨੇ ਅੱਗ 'ਚ ਘਿਓ ਦਾ ਕੰਮ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ 4 ਫਾਇਰ ਟੈਂਡਰ ਪੁੱਜੇ ਅਤੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਲੋਕਾਂ ਨੇ ਆਪਣੇ ਸਾਮਾਨ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ ਅਤੇ ਆਪਣੇ ਆਸ਼ੀਆਨੇ ਨੂੰ ਖ਼ਤਮ ਹੁੰਦਾ ਦੇਖ ਕੇ ਰੌਲਾ ਪਾਉਣ ਲੱਗੇ। ਲੋਕਾਂ ਦਾ ਕਹਿਣਾ ਸੀ ਕਿ ਕਾਲੋਨੀ 'ਚ ਬਿਜਲੀ ਦੀਆਂ ਤਾਰਾਂ ਗੁਜ਼ਰ ਰਹੀਆਂ ਹੈ। ਇਹ ਸੰਭਵ ਹੈ ਕਿ ਤਾਰਾਂ 'ਚੋਂ ਹੀ ਚਿੰਗਾਰੀ ਨਿਕਲੀ ਅਤੇ ਅੱਗ ਭੜਕ ਗਈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਮੁਤਾਬਕ ਅਜੇ ਅੱਗ ਦੇ ਸਹੀ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਝੁੱਗੀ ਵਾਸੀਆਂ ਦਾ ਕਹਿਣਾ ਸੀ ਕਿ ਉਹ ਕਾਫ਼ੀ ਸਮੇਂ ਤੋਂ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਪੁਨਰਵਾਸ ਯੋਜਨਾ ਦੇ ਤਹਿਤ ਲਾਭ ਦੇਣ ਦੀ ਗੱਲ ਕਹਿ ਰਹੇ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ : DC ਗਿਰੀਸ਼ ਦਿਆਲਨ ਨੂੰ ਹੋਇਆ 'ਕੋਰੋਨਾ', ਕੈਪਟਨ ਨਾਲ ਕੀਤੀ ਸੀ ਮੁਲਾਕਾਤ
ਧੀ ਦੀ ਬਰਾਤ ਆਉਣ ਤੋਂ ਪਹਿਲਾਂ ਅੱਗ ਦੀ ਭੇਟ ਚੜ੍ਹਿਆ ਸਾਰਾ ਸਮਾਨ
ਕਾਲੋਨੀ ਨੰਬਰ-4 ਦੀਆਂ ਜਿਨ੍ਹਾਂ ਝੁੱਗੀਆਂ 'ਚ ਅੱਗ ਲੱਗੀ, ਉਨ੍ਹਾਂ 'ਚ ਰਹਿਣ ਵਾਲੇ ਇਕ ਪਰਿਵਾਰ ਦੇ ਮੈਂਬਰ ਦਾ ਸੋਮਵਾਰ ਨੂੰ ਵਿਆਹ ਸੀ। ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਉੱਥੇ ਆਏ ਹੋਏ ਸਨ ਪਰ ਅੱਗ ਲੱਗਣ ਨਾਲ ਸਭ ਕੁੱਝ ਤਹਿਸ ਨਹਿਸ ਹੋ ਗਿਆ। ਪਰਿਵਾਰ ਦੀਆਂ ਖੁਸ਼ੀਆਂ ਗ਼ਮ 'ਚ ਬਦਲ ਗਈਆਂ। ਇਨ੍ਹਾਂ ਅੱਗ ਦੀ ਭੇਟ ਚੜ੍ਹਨ ਵਾਲੇ ਘਰਾਂ 'ਚ ਇਕ ਘਰ ਅਜਿਹਾ ਵੀ ਸੀ, ਜਿੱਥੇ ਰਹਿਣ ਵਾਲੀ ਬਿਨਾਂ ਬਾਪ ਦੀ ਧੀ ਦਾ ਵਿਆਹ ਸੀ। ਬੀਮਾਰੀ ਦੇ ਚੱਲਦੇ ਉਸ ਦੇ ਪਿਤਾ ਦਾ ਕੁੱਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਬਰਾਤ ਦੇ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਹੀ ਘਰ 'ਚ ਅੱਗ ਲੱਗ ਗਈ। ਪਰਿਵਾਰ ਨੇ ਧੀ ਦੇ ਵਿਆਹ ਲਈ ਗਹਿਣੇ, ਨਕਦੀ ਅਤੇ ਸਾਮਾਨ ਘਰ 'ਚ ਰੱਖਿਆ ਹੋਇਆ ਸੀ ਪਰ ਇਸ ਹਾਦਸੇ 'ਚਚ ਘਰ ਦੇ ਨਾਲ ਧੀ ਦੇ ਵਿਆਹ ਲਈ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਜਲੇ ਹੋਏ ਗਹਿਣੇ, ਸਾਮਾਨ ਨੂੰ ਹੱਥ 'ਚ ਲੈ ਕੇ ਰੋਂਦਾ ਨਜ਼ਰ ਆਇਆ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਮਨ ਪਿਘਲ ਗਿਆ।
ਇਹ ਵੀ ਪੜ੍ਹੋ : ਕਿਸਾਨ ਮੋਰਚੇ 'ਚ ਬੀਮਾਰ ਹੋਏ ਖੇਤ-ਮਜ਼ਦੂਰ ਦੀ ਮੌਤ, ਬੀਮਾਰੀ ਕਾਰਨ ਧਰਨਾ ਛੱਡ ਪਰਤਿਆ ਸੀ ਪਿੰਡ
ਗੈਸ ਸਿਲੰਡਰ ਫੱਟਦੇ ਤਾਂ ਮਚਦੀ ਤਬਾਹੀ
ਇੱਥੇ ਘਰਾਂ 'ਚ ਰੱਖੇ ਗੈਸ ਸਿਲੰਡਰ ਵੀ ਅੱਗ ਦੀ ਲਪੇਟ 'ਚ ਆ ਗਏ ਪਰ ਕਿਸੇ ਵੀ ਸਿਲੰਡਰ 'ਚ ਧਮਾਕਾ ਨਹੀਂ ਹੋਇਆ। ਜੇਕਰ ਇਨ੍ਹਾਂ 'ਚੋਂ ਕਿਸੇ 'ਚ ਧਮਾਕਾ ਹੋ ਜਾਂਦਾ ਤਾਂ ਸ਼ਾਇਦ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਪੁਲਸ ਬਣੀ ਮਦਦਗਾਰ
ਇਸ ਦੁੱਖ ਦੀ ਘੜੀ 'ਚ ਪੁਲਸ ਇਨ੍ਹਾਂ ਪਰਿਵਾਰਾਂ ਦਾ ਸਹਾਰਾ ਬਣੀ ਹੈ। ਡੀ. ਐੱਸ. ਪੀ. ਈਸਟ ਦਾ ਕਾਰਜਭਾਰ ਸੰਭਾਲ ਰਹੇ ਗੁਰਮੁਖ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਇਸ ਅਗਨੀਕਾਂਡ 'ਚ ਆਪਣਾ ਸਭ ਕੁੱਝ ਗਵਾਉਣ ਵਾਲੇ ਲੋਕਾਂ ਲਈ ਖਾਣ ਅਤੇ ਰਹਿਣ ਦਾ ਪ੍ਰਬੰਧ ਕੀਤਾ। 100 ਲੋਕਾਂ ਨੂੰ ਪੁਲਸ ਖਾਣਾ ਦੇਵੇਗੀ। ਬੇਘਰ ਹੋਏ ਲੋਕਾਂ ਨੂੰ ਇਸ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਨਾਈਟ ਸ਼ੈਲਟਰ ਦਾ ਪ੍ਰਬੰਧ ਕੀਤਾ ਗਿਆ ਹੈ।
ਨੋਟ : ਕਾਲੋਨੀ 'ਚ ਅੱਗ ਲੱਗਣ ਕਾਰਨ ਬੇਘਰ ਹੋਏ ਲੋਕਾਂ ਬਾਰੇ ਦਿਓ ਆਪਣੀ ਰਾਏ