ਦੀਵਾਲੀ ਦੌਰਾਨ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਛੁੱਟੀ
Tuesday, Oct 18, 2022 - 01:06 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਕਮਿਸ਼ਨਰ ਵੱਲੋਂ ਦੀਵਾਲੀ ਦੇ ਸੀਜ਼ਨ ਦੌਰਾਨ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਨੂੰ ਛੁੱਟੀ ਦੇਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮਾਮਲੇ ’ਚ ‘ਜਗ ਬਾਣੀ’ ਵੱਲੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ ਕਿ ਦੀਵਾਲੀ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਵਿੰਗ ਨੂੰ ਡਿਮਾਂਡ ਮੁਤਾਬਕ ਸਟਾਫ਼ ਨਹੀਂ ਮਿਲੇਗਾ ਕਿਉਂਕਿ ਫਾਇਰ ਬ੍ਰਿਗੇਡ ਵਿੰਗ ਵੱਲੋਂ 6 ਮਹੀਨਿਆਂ ਲਈ 120 ਫਾਇਰਮੈਨ ਅਤੇ ਡਰਾਈਵਰਾਂ ਦੀ ਮੰਗ ਕੀਤੀ ਗਈ ਸੀ ਪਰ ਐੱਫ. ਐਂਡ ਸੀ. ਸੀ. ਦੀ ਮੀਟਿੰਗ ’ਚ 2 ਮਹੀਨਿਆਂ ਲਈ ਸਿਰਫ 45 ਮੁਲਾਜ਼ਮ ਰੱਖਣ ਦੀ ਮਨਜ਼ੂਰੀ ਦਿੱਤੀ ਗਈ, ਜਦੋਂ ਕਿ ਪੇਸਕੋ ਨੇ 6 ਮਹੀਨਿਆਂ ਤੋਂ ਘੱਟ ਸਟਾਫ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਹਾਲਾਤ ’ਚ ਕਮਿਸ਼ਨਰ ਨੇ ਦੀਵਾਲੀ ਦੇ ਸੀਜ਼ਨ ਦੌਰਾਨ ਦੂਜੀਆਂ ਬ੍ਰਾਂਚਾਂ ਦੇ ਡਰਾਈਵਰਾਂ ਨੂੰ ਅਸਥਾਈ ਰੂਪ ’ਚ ਫਾਇਰ ਬ੍ਰਿਗੇਡ ਵਿੰਗ ’ਚ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਫਾਇਰਮੈਨਾਂ ਦੀ ਕਮੀ ਬਰਕਰਾਰ ਰਹੇਗੀ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਦੀਵਾਲੀ ਦੇ ਸੀਜ਼ਨ ਦੌਰਾਨ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਨੂੰ ਛੁੱਟੀ ਦੇਣ ’ਤੇ ਰੋਕ ਲਗਾ ਦਿੱਤੀ ਗਈ ਹੈ।
ਰੀਫਿਲਿੰਗ ਲਈ ਇਹ ਕੀਤਾ ਗਿਐ ਇੰਤਜ਼ਾਮ
ਅੱਗ ਲੱਗਣ ਦੀ ਘਟਨਾ ਦੌਰਾਨ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਨੂੰ ਮੁੱਖ ਰੂਪ ’ਚ ਗੱਡੀਆਂ ’ਚ ਪਾਣੀ ਦੀ ਰੀਫਿਲਿੰਗ ਨੂੰ ਲੈ ਕੇ ਮੁਸ਼ਕਿਲ ਹੁੰਦੀ ਹੈ ਕਿਉਂਕਿ ਜਿਸ ਯੂਨਿਟ ’ਚ ਅੱਗ ਲੱਗਣ ਦੀ ਘਟਨਾ ਹੁੰਦੀ ਹੈ, ਉਸ ਏਰੀਆ ਦੀ ਲਾਈਟ ਬੰਦ ਰਹਿਣ ਕਾਰਨ ਮੋਟਰ ਜਾ ਟਿਊਬਵੈੱਲ ਨਹੀਂ ਚੱਲੇਗਾ, ਜਿਸ ਦੇ ਮੱਦੇਨਜ਼ਰ ਰੀਫਿਲਿੰਗ ਪੁਆਇੰਟ ’ਤੇ ਮੁਲਾਜ਼ਮਾਂ ਨੂੰ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਲਾਈਟ ਬੰਦ ਰਹਿਣ ਦੀ ਸੂਰਤ ’ਚ ਜਨਰੇਟਰ ਦਾ ਇੰਤਜ਼ਾਮ ਕੀਤਾ ਗਿਆ ਹੈ।