ਭਗਵੰਤ ਮਾਨ ਤੇ 8 ਵਿਧਾਇਕਾਂ ਸਣੇ 800 ਆਪ ਵਰਕਰਾਂ ''ਤੇ FIR ਦਰਜ

01/11/2020 11:06:00 PM

ਚੰਡੀਗੜ੍ਹ, (ਸੁਸ਼ੀਲ)— ਪੰਜਾਬ 'ਚ ਬਿਜਲੀ ਦੇ ਵਧੇ ਰੇਟ ਨੂੰ ਵਾਪਸ ਲੈਣ ਦੇ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਸਮੇਂ ਐਮ.ਐਲ.ਏ. ਹੋਸਟਲ ਕੋਲ ਬੈਰੀਕੇਡਸ ਤੋੜ ਕੇ ਪੁਲਸ ਜਵਾਨਾਂ 'ਤੇ ਹਮਲਾ ਕਰਨ ਦੇ ਮਾਮਲੇ 'ਚ ਸੈਕਟਰ-3 ਥਾਣਾ ਪੁਲਸ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ, 8 ਐੱਮ.ਐੱਲ.ਏ. ਅਤੇ 800 ਵਰਕਰਾਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਦੇ ਬਿਆਨਾਂ 'ਤੇ ਉਕਤ ਸਾਰਿਆਂ 'ਤੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ, ਡਿਊਟੀ ਦੌਰਾਨ ਅੜਚਨ ਪਾਉਣ ਅਤੇ ਕੁੱਟਮਾਰ ਦੀਆਂ ਧਾਰਾਵਾਂ (ਧਾਰਾਵਾਂ 147, 148, 332, 353 ਅਤੇ 188) ਲਗਾਈਆਂ ਹਨ। ਪੁਲਸ ਵਲੋਂ ਲਗਾਈਆਂ 332 ਅਤੇ 353 ਧਾਰਾ ਗੈਰ ਜ਼ਮਾਨਤੀ ਹਨ। ਇਨ੍ਹਾਂ ਦੋਨਾਂ ਧਾਰਾਵਾਂ 'ਚ ਜ਼ਿਲਾ ਅਦਾਲਤ ਤੋਂ ਹੀ ਜ਼ਮਾਨਤ ਮਿਲ ਸਕਦੀ ਹੈ।
ਪੁਲਿਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਰਕਰਾਂ ਵਲੋਂ ਲਾਅ ਐਂਡ ਆਰਡਰ ਤੋੜਨ ਅਤੇ ਪੁਲਸ 'ਤੇ ਹਮਲਾ ਕਰਨ ਨਾਲ ਇੰਸਪੈਕਟਰ ਮਲਕੀਤ ਸਿੰਘ, ਕਾਂਸਟੇਬਲ ਵਿਨੀਤ ਕੁਮਾਰ ਅਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜਖ਼ਮੀ ਹੋ ਗਏ ਸਨ। ਸੈਕਟਰ-3 ਥਾਣਾ ਪੁਲਸ ਜਲਦੀ ਹੀ ਮਾਮਲੇ 'ਚ ਪੁਲਸ ਜਵਾਨਾਂ 'ਤੇ ਹਮਲਾ ਕਰਨ ਵਾਲਿਆਂ ਦੀ ਮੌਕੇ 'ਤੇ ਹੋਈ ਵੀਡੀਓਗ੍ਰਾਫ਼ੀ ਅਤੇ ਫੋਟੋਗ੍ਰਾਫ਼ੀ ਨਾਲ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਕਰੇਗੀ।

 


KamalJeet Singh

Content Editor

Related News