ਕਦੇ ਨਹੀਂ ਥੱਕਣ ਦਿੰਦਾ ਲੋਕਾਂ ਦਾ ਪਿਆਰ, ਸੇਵਾ ਕਰ ਕੇ ਮਿਲਦੀ ਹੈ ਖ਼ੁਸ਼ੀ : ਭਗਵੰਤ ਮਾਨ

05/18/2024 2:36:52 PM

ਚੰਡੀਗੜ੍ਹ (ਅੰਕੁਰ) : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ 'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕਰਤਾਰਪੁਰ 'ਚ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਸਹਿਯੋਗ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਇਸ ਪਿਆਰ ਦਾ ਕਰਜ਼ਾ ਮੈਂ ਸੱਤ ਜਨਮਾਂ ’ਚ ਵੀ ਨਹੀਂ ਚੁਕਾ ਸਕਦਾ। ਲੋਕ ਦੂਜੇ ਆਗੂਆਂ ਲਈ ਘਰਾਂ ਤੋਂ ਬਾਹਰ ਵੀ ਨਹੀਂ ਨਿਕਲਦੇ ਪਰ ਤੁਸੀਂ ਮੇਰੇ 'ਤੇ ਫੁੱਲਾਂ ਦੀ ਵਰਖਾ ਕਰਦੇ ਹੋ, ਐਨਾ ਪਿਆਰ ਕਰਦੇ ਹੋ, ਇਹ ਹੀ ਮੇਰਾ ਸਭ ਤੋਂ ਵੱਡਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਬੇਸ਼ੱਕ ਅਮੀਰ ਲੋਕ ਥੋੜ੍ਹੇ ਸਮੇਂ ਲਈ ਮਸ਼ਹੂਰ ਹੁੰਦੇ ਹਨ ਪਰ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਕੋਈ ਉਨ੍ਹਾਂ ਨੂੰ ਯਾਦ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਲੋਕਾਂ ਲਈ ਕੰਮ ਕਰ ਕੇ, ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਕੇ ਅਤੇ ਉਨ੍ਹਾਂ ਦੀ ਸੇਵਾ ਕਰ ਕੇ ਜੋ ਖ਼ੁਸ਼ੀ ਮਿਲਦੀ ਹੈ, ਉਹ ਸਭ ਤੋਂ ਅਨਮੋਲ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਦੋ ਸਾਲਾਂ ’ਚ ਕੰਮ ਕੀਤੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ’ਚ ਉਲਟਾ ਪਰਵਾਸ (ਰਿਵਰਸ ਮਾਈਗ੍ਰੇਸ਼ਨ) ਹੋ ਰਿਹਾ ਹੈ, ਸਿਸਟਮ ਅਤੇ ਭ੍ਰਿਸ਼ਟਾਚਾਰ ਤੋਂ ਨਿਰਾਸ਼ ਹੋ ਕੇ ਪੰਜਾਬ ਛੱਡ ਚੁੱਕੇ ਲੋਕ ਹੁਣ ਪੰਜਾਬ ਵਾਪਸ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਫ਼ਰ ਦੌਰਾਨ ਨਕਦੀ ਤੇ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਭ ਕੁਝ ਹੈ, ਸਿਰਫ਼ ਇੱਕ ਚੀਜ਼ ਦੀ ਘਾਟ ਹੈ, ਸਾਫ਼ ਇਰਾਦਿਆਂ ਵਾਲੇ ਇਮਾਨਦਾਰ ਆਗੂਆਂ ਦੀ, ਹੁਣ 2022 ਤੋਂ ਬਾਅਦ ਉਹ ਸਮੱਸਿਆ ਵੀ ਹੱਲ ਹੋ ਗਈ ਹੈ, ਜਿਸ ਕਰਕੇ ਲੋਕ ਘਰ ਵਾਪਸੀ ਕਰ ਰਹੇ ਹਨ। ਰੋਡ ਸ਼ੋਅ ਦੌਰਾਨ ਇੰਗਲੈਂਡ ਤੋਂ ਆਏ ਇੱਕ ਵਿਅਕਤੀ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ’ਚ ਪਹਿਲੀ ਵਾਰ ਇਮਾਨਦਾਰ ਮੁੱਖ ਮੰਤਰੀ ਆਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਾਪਮਾਨ ਪੁੱਛ ਕੇ ਘਰੋਂ ਨਿਕਲਦੇ ਹਨ। ਜਦੋਂ ਤਾਪਮਾਨ 30 ਡਿਗਰੀ ਦੇ ਕਰੀਬ ਹੁੰਦਾ ਹੈ ਤਾਂ ਉਹ ਦੋ ਘੰਟੇ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਅਜਿਹੇ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਪੜ੍ਹ-ਲਿਖ ਵੀ ਨਹੀਂ ਸਕਦੇ ਪਰ ਉਹ ਖ਼ੁਦ ਨੂੰ ਪੰਜਾਬ ਦਾ ਵਾਰਸ ਸਮਝਦੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਾੜਾਂ ’ਚ ਉਨ੍ਹਾਂ ਦੀਆਂ ਆਲੀਸ਼ਾਨ ਜਾਇਦਾਦਾਂ ਸੁਖ ਵਿਲਾਸ ਤੇ ਸਿਸਵਾਂ ਫਾਰਮ ਬਾਰੇ ਵੀ ਘੇਰਿਆ। ਮਾਨ ਨੇ ਕਿਹਾ ਕਿ ਪੰਜਾਬ 'ਤੇ 25 ਸਾਲਾਂ ਤੋਂ ਦੋ ਲੋਕ ਰਾਜ ਕਰ ਰਹੇ ਹਨ ਪਰ ਉਨ੍ਹਾਂ ਨੇ ਦਿੱਤੇ ਭਰੋਸੇ ਤੇ ਜ਼ਿੰਮੇਵਾਰੀਆਂ ਦੀ ਕਦਰ ਨਹੀਂ ਕੀਤੀ, ਹੁਣ ਦੇਖੋ ਕਿੱਥੇ ਹਨ।

ਇਹ ਖ਼ਬਰ ਵੀ ਪੜ੍ਹੋ : Fact Check :  PM ਮੋਦੀ ਵਰਗੇ ਦਿੱਸਣ ਵਾਲੇ ਸ਼ਖ਼ਸ ਦਾ ਵੀਡੀਓ ਮਜ਼ਾਕੀਆ ਦਾਅਵੇ ਨਾਲ ਵਾਇਰਲ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News