''ਕੋਰੋਨਾ ਵਾਇਰਸ'' : ਮੋਹਾਲੀ ''ਚ ਕਰਫਿਊ ਦੌਰਾਨ ਵੀ ਖੁੱਲ੍ਹੀਆਂ ਦੁਕਾਨਾਂ, 4 ਦੁਕਾਨਦਾਰਾਂ ਖਿਲਾਫ ਕੇਸ ਦਰਜ

Tuesday, Mar 24, 2020 - 11:16 AM (IST)

''ਕੋਰੋਨਾ ਵਾਇਰਸ'' : ਮੋਹਾਲੀ ''ਚ ਕਰਫਿਊ ਦੌਰਾਨ ਵੀ ਖੁੱਲ੍ਹੀਆਂ ਦੁਕਾਨਾਂ, 4 ਦੁਕਾਨਦਾਰਾਂ ਖਿਲਾਫ ਕੇਸ ਦਰਜ

ਮੋਹਾਲੀ (ਰਾਣਾ) : ਪੂਰੀ ਦੁਨੀਆਂ 'ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ ਲਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਕਈ ਸ਼ਹਿਰਾਂ 'ਚ ਲੋਕਾਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਦਿਖਾਈ ਨਹੀਂ ਦੇ ਰਹੇ ਹਨ ਅਤੇ ਸੜਕਾਂ 'ਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਮੋਹਾਲੀ ਦੇ ਫੇਜ਼-9 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਪੁਲਸ ਵਲੋਂ ਜ਼ਬਰਦਸਤੀ ਇਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਵਾੜਿਆ ਗਿਆ। ਇਸ ਦੇ ਨਾਲ ਹੀ ਕਈ ਦੁਕਾਨਦਾਰ ਅਜਿਹੇ ਵੀ ਸਨ, ਜਿਨ੍ਹਾਂ ਵਲੋਂ ਕਰਫਿਊ ਦੌਰਾਨ ਵੀ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ। ਇਨ੍ਹਾਂ ਦੁਕਾਨਾਂ ਨੂੰ ਵੀ ਪੁਲਸ ਨੇ ਜ਼ਬਰਦਸਤੀ ਬੰਦ ਕਰਵਾਇਆ। 4 ਦੁਕਾਨਦਾਰਾਂ ਖਿਲਾਫ ਮਟੌਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ': ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ 1 ਸਕੂਲ ਦੀ ਮਾਨਤਾ ਰੱਦ, 4 ਤੇ ਮੰਡਰਾਇਆ ਖਤਰਾ 
ਪੰਜਾਬ ਸਰਕਾਰ ਨੇ ਵੱਧਦੇ ਖਤਰੇ ਨੂੰ ਦੇਖਦਿਆਂ ਲਾਇਆ ਕਰਫਿਊ 
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਰਫਿਊ ਲਾਇਆ ਗਿਆ ਹੈ। ਇਹ ਕਰਫਿਊ ਅਗਲੇ ਹੁਕਮਾਂ ਤਕ ਜਾਰੀ ਰਹੇਗਾ। ਇਸ ਦੇ ਨਾਲ ਹੀ ਸਰਕਾਰ ਵਲੋਂ ਕਿਸੇ ਦੇ ਵੀ ਘਰ 'ਚੋਂ ਨਿਕਲਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਸਾਰੇ ਜ਼ਿਲਿਆਂ ਦੇ ਡੀ. ਸੀਜ਼. ਨੂੰ ਸਖਤੀ ਨਾਲ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਹਨ। ਹੁਣ ਤਕ ਆ ਰਹੀਆਂ ਖਬਰਾਂ ਮੁਤਾਬਕ ਸਰਕਾਰ ਵਲੋਂ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਇਸ ਕਰਫਿਊ ਵਿਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਇਹ ਫੈਸਲਾ ਪੰਜਾਬ ਸਰਕਾਰ ਵਲੋਂ ਸੂਬੇ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲਿਆ ਗਿਆ ਹੈ। ਦਰਅਸਲ 22 ਮਾਰਚ ਨੂੰ ਸਰਕਾਰ ਵਲੋਂ ਜਨਤਾ ਕਰਫਿਊ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ 31 ਮਾਰਚ ਤਕ ਲਾਕ ਡਾਊਨ ਦਾ ਐਲਾਨ ਕਰ ਦਿੱਤਾ ਪਰ 23 ਮਾਰਚ ਨੂੰ ਲੋਕ ਸਵੇਰ ਵੇਲੇ ਹੀ ਆਮ ਵਾਂਗ ਘਰਾਂ ਤੋਂ ਬਾਹਰ ਆ ਗਏ ਜਿਸ ਤੋਂ ਬਾਅਦ ਸਰਕਾਰ ਵਲੋਂ ਸਖਤੀ ਵਰਤਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ : ਵੇਰਕਾ ਵਲੋਂ ਸੁੱਕੇ ਦੁੱਧ ਤੇ ਲੰਬੀ ਮਿਆਦ ਵਾਲੇ ਪੈਕੇਟਾਂ ਦੀ ਸਪਲਾਈ 'ਚ ਵਾਧਾ
ਕੈਪਟਨ ਨੇ ਮੰਗਿਆ ਲੋਕਾਂ ਦਾ ਸਹਿਯੋਗ
ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਬੰਦ ਦੀ ਉਲੰਘਣਾ ਕਰਨਾ ਨਾ-ਸਵਿਕਾਰਨਯੋਗ ਹੈ। ਉਨ੍ਹਾਂ ਕਿਹਾ,'ਇਕ ਮੁਖੀ ਹੋਣ ਦੇ ਨਾਤੇ ਪੰਜਾਬ ਨੂੰ ਬਚਾਉਣਾ ਮੇਰੀ ਅਤੇ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ 'ਚ ਕਰਫਿਊ ਪੂਰੇ ਦਿਨ 24 ਘੰਟਿਆਂ ਲਈ ਲਾਗੂ ਰਹੇਗਾ ਅਤੇ ਹੰਗਾਮੀ ਲੋੜਾਂ ਪੈਦਾ ਹੋਣ 'ਤੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਪਾਸੋਂ ਬਕਾਇਦਾ ਇਜਾਜ਼ਤ ਲੈ ਕੇ ਹੀ ਬਾਹਰ ਜਾਣ ਦੀ ਆਗਿਆ ਹੋਵੇਗੀ ਅਤੇ ਡਿਪਟੀ ਕਮਿਸ਼ਨਰਾਂ ਦੇ ਮੋਬਾਈਲ ਨੰਬਰ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਔਖੇ ਸਮਿਆਂ 'ਚ ਔਖੇ ਫੈਸਲੇ ਲੈਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਸ਼ਕਲ ਸਮਿਆਂ 'ਚੋਂ ਨਿਕਲਣ ਲਈ ਕਰਫਿਊ ਲਾਉਣਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ,''ਕ੍ਰਿਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਮੇਰੇ ਨਾਲ ਸਹਿਯੋਗ ਕਰੋ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਸ ਸੰਕਟ 'ਚੋਂ ਨਿਕਲਣ ਲਈ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਨੂੰ ਆਪਣੇ ਸੂਬੇ ਅਤੇ ਸਾਡੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ, ਜਿੱਥੇ ਸਾਡੇ ਬੱਚੇ ਹਨ ਅਤੇ ਪਰਿਵਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਕ ਛੋਟਾ ਰਾਜ ਹੋਣ ਦੇ ਨਾਤੇ ਪੰਜਾਬ ਦੀ ਆਪਣੀ ਵਸੋਂ ਨੂੰ ਸੁਰੱਖਿਅਤ ਰੱਖਣ ਅਤੇ ਆਉਣ ਵਾਲੇ ਸਾਲਾਂ ਲਈ ਖੁਸ਼ੀ ਭਰੇ ਜੀਵਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦਾ ਸਭ ਤੋਂ ਵੱਧ ਕਾਰਨ ਹੈ।
ਇਹ ਵੀ ਪੜ੍ਹੋ : ਹੁਣ 31 ਮਾਰਚ ਤੱਕ ਰੋਜ਼ਾਨਾ ਸਵੇਰ 6 ਤੋਂ ਲੈ ਕੇ 9 ਵਜੇ ਤੱਕ ਹੀ ਖੁੱਲ੍ਹਣਗੇ ਪੈਟਰੋਲ ਪੰਪ


author

Babita

Content Editor

Related News