ਅਨੁਸੂਚਿਤ ਜਾਤੀ ਕਮਿਸ਼ਨ ਦੇ ਯਤਨਾਂ ਸਦਕਾ ਜਾਤੀ ਸੂਚਕ ਗਾਲੀ-ਗਲੋਚ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

01/12/2021 6:19:38 PM

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀਆਂ ਕੋਸ਼ਿਸ਼ਾਂ ਸਦਕਾ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਰਾਣੀਪੁਰ ਰਾਜਪੂਤਾਂ ਖ਼ਿਲਾਫ਼ ਸ਼ਡਿਊਲ ਕਾਸਟ ਐਂਡ ਸ਼ਡਿਊਲ ਟਰਾਇਬ ਪ੍ਰੀਵੈਂਨਸ਼ਨ ਆਫ ਐਟਰੋਸਿਟੀ ਐਕਟ-2015 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਫਗਵਾੜਾ ਤਹਿਸੀਲ ਅਧੀਨ ਪੈਂਦੇ ਪਿੰਡ ਰਾਣੀਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਕਾਸ਼ ਸਿੰਘ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤਹਿਸੀਲ ਅਧੀਨ ਪੈਂਦੇ ਪਿੰਡ ਰਾਣੀਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਹਨ, ਨੇ ਕਮਿਸ਼ਨ ਕੋਲ ਫਰਵਰੀ, 2018 'ਚ ਲਿਖ਼ਤੀ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਬਤੌਰ ਸਰਪੰਚ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ 'ਚ ਵਿਚਰਦੇ ਸਨ ਤਾਂ ਉਕਤ ਵਿਅਕਤੀ ਹਰਵਿੰਦਰ ਸਿੰਘ ਵੱਲੋਂ ਹਰ ਵਾਰ ਉਸ ਨੂੰ ਜਾਤੀ ਸੂਚਕ ਗੱਲਾਂ ਬੋਲੀਆਂ ਜਾਂਦੀਆਂ ਸਨ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਸ ਅਤੇ ਬਿਊਰੋ ਆਫ ਇੰਵੈਸਟੀਗੇਸ਼ਨ ਤੋਂ ਕਰਵਾਈ ਗਈ ਸੀ ਪਰ ਇਨ੍ਹਾਂ ਵੱਲੋਂ ਇਸ ਮਾਮਲੇ 'ਚ ਕੇਸ ਨਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਸੀ, ਜਿਸ ਦੀ ਪ੍ਰੋੜਤਾ ਡੀ. ਏ. ਲੀਗਲ ਵੱਲੋਂ ਵੀ ਕੀਤੀ ਗਈ ਸੀ। ਤੇਜਿੰਦਰ ਕੌਰ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਫਿਰ ਇਸ ਮਾਮਲੇ ਦੀ ਜਾਂਚ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਸਾਰੇ ਤੱਥਾਂ ਦੀ ਬਹੁਤ ਡੂੰਘਾਈ ਤੋਂ ਘੋਖ ਕਰਨ ਉਪਰੰਤ ਸਬੰਧਿਤ ਜ਼ਿਲ੍ਹਾ ਪੁਲਸ ਨੂੰ ਇਸ ਮਾਮਲੇ 'ਚ ਸ਼ਡਿਊਲ ਕਾਸਟ ਐਂਡ ਸ਼ਡਿਊਲ ਟਰਾਇਬ ਪ੍ਰੀਵੈਂਨਸ਼ਨ ਆਫ ਐਟਰੋਸਿਟੀ ਐਕਟ-2015 ਦੀਆਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਸੀ, ਜਿਸ ‘ਤੇ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।  

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News