ਪਤੀ-ਪਤਨੀ ਨੂੰ ਜ਼ਖਮੀ ਕਰਨ ਦੇ ਦੋਸ਼ਾਂ ਹੇਠ 7 ਨਾਮਜ਼ਦ

Sunday, Oct 03, 2021 - 03:56 PM (IST)

ਪਤੀ-ਪਤਨੀ ਨੂੰ ਜ਼ਖਮੀ ਕਰਨ ਦੇ ਦੋਸ਼ਾਂ ਹੇਠ 7 ਨਾਮਜ਼ਦ

ਗੁਰਦਾਸਪੁਰ (ਹਰਮਨ) : ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਪਤੀ-ਪਤਨੀ ਨੂੰ ਜ਼ਖਮੀ ਕਰਨ ਦੇ ਦੋਸ਼ਾਂ ਹੇਠ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਵੀਰ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਭੈਣੀ ਮੀਆਂ ਖਾਂ ਨੇ ਦੱਸਿਆ ਕਿ 29 ਸਤੰਬਰ ਨੂੰ ਉਹ ਆਪਣੇ ਪਿੰਡ ਵਿੱਚ ਨਾਗਰ ਸਿੰਘ ਦੀ ਦੁੱਧ ਡੇਅਰੀ ਦੀ ਦੁਕਾਨ 'ਤੇ ਬੈਠਾ ਹੋਇਆ ਸੀ ਤਾਂ ਉਸ ਸਮੇਂ ਗੁਰੂ ਰਾਮ ਦੁਕਾਨ ਦੇ ਨੇੜੇ ਤੋਂ ਲੰਘ ਰਿਹਾ ਸੀ। ਜਿਸਨੇ ਉਸ ਨੂੰ ਕਿਹਾ ਕਿ ਤੁਸੀ ਮੈਨੂੰ ਗਾਲ ਕੱਢੀ ਹੈ ਅਤੇ ਮੁਦਈ ਨੂੰ ਉੱਚੀ-ਉੱਚੀ ਗਾਲੀ-ਗਲੋਚ ਕਰਨ ਲੱਗ ਪਿਆ। ਇਸ ਤੋਂ ਬਾਅਦ ਮੁਦਈ ਆਪਣੇ ਘਰ ਚਲਾ ਗਿਆ।

ਬਾਅਦ ਵਿੱਚ ਮੁਦਈ ਅਤੇ ਉਸਦੀ ਪਤਨੀ ਮਨਜੀਤ ਕੌਰ ਅਤੇ ਮੁਦਈ ਦੀ ਭਤੀਜੀ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੜ੍ਹੇ ਸਨ ਕਿ ਸਲਿੰਦਰ ਸਿੰਘ, ਰਜਿੰਦਰ ਸਿੰਘ, ਭਾਗ ਸਿੰਘ, ਸੋਹਨ ਸਿੰਘ, ਬਲਦੇਵ ਸਿੰਘ, ਗੁਰੂ ਰਾਮ, ਰਵਿੰਦਰ ਸਿੰਘ ਵਾਸੀ ਭੈਣੀ ਮੀਆ ਖਾਂ ਨੇ ਦਾਤਰ ਅਤੇ ਡਾਂਗਾ ਨਾਲ ਸੱਟਾਂ ਮਾਰ ਕੇ ਮੁਦਈ ਨੂੰ ਜ਼ਖਮੀ ਕਰ ਦਿੱਤਾ। ਜਦੋਂ ਮੁਦਈ ਦੀ ਪਤਨੀ ਛੁਡਾਉਣ ਲਈ ਅੱਗੇ ਹੋਈ ਤਾਂ ਰਜਿੰਦਰ ਸਿੰਘ ਨੇ ਮਾੜੀ ਨੀਅਤ ਨਾਲ ਉਸਦੇ ਕੱਪੜੇ ਪਾੜ ਦਿੱਤੇ ਅਤੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਇਨ੍ਹਾਂ ਬਿਆਨਾਂ ਦੇ ਅਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News