ਪੰਜਾਬ: ਇਨ੍ਹਾਂ ਅਫ਼ਸਰਾਂ ਖ਼ਿਲਾਫ਼ ਦਰਜ ਹੋਇਆ ਕੇਸ! ਹੈਰਾਨ ਕਰੇਗਾ ਪੂਰਾ ਮਾਮਲਾ

Friday, Jun 12, 2026 - 01:05 PM (IST)

ਪੰਜਾਬ: ਇਨ੍ਹਾਂ ਅਫ਼ਸਰਾਂ ਖ਼ਿਲਾਫ਼ ਦਰਜ ਹੋਇਆ ਕੇਸ! ਹੈਰਾਨ ਕਰੇਗਾ ਪੂਰਾ ਮਾਮਲਾ

ਭਵਾਨੀਗੜ੍ਹ (ਕਾਂਸਲ)- ਪਿੰਡ ਬਾਲਦ ਕਲਾਂ ਦੀ ਪੰਚਾਇਤ ਦੇ ਵਿਕਾਸ ਕਾਰਜਾਂ, ਸ਼ਾਮਲਾਤ ਜ਼ਮੀਨ ਦੀਆਂ ਬੋਲੀਆਂ ਅਤੇ ਗ੍ਰਾਂਟਾਂ ਦੀ ਰਕਮ ਵਿਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਸਮੇਤ ਦੋ ਵੀ. ਡੀ. ਓਜ਼ ਅਤੇ ਦੋ ਪੰਚਾਇਤ ਸਕੱਤਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਬੂਟਾ ਸਿੰਘ ਅਤੇ ਪਿੰਡ ਵਾਸੀ ਜਗਸੀਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਦੇ ਮੁੱਖ ਦਫਤਰ ਮੋਹਾਲੀ ਵਿਖੇ ਪਿੰਡ ਦੇ ਹੀ ਸਾਬਕਾ ਸਰਪੰਚ ਗੁਰਦੇਵ ਸਿੰਘ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਦੀ ਵਿਭਾਗੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਲ 2019 ਤੋਂ 2023 ਦੇ ਕਾਰਜਕਾਲ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ, ਬੋਰਾਂ ਦੇ ਕੰਮਾਂ, ਸ਼ਾਮਲਾਤ ਜ਼ਮੀਨ ਦੀਆਂ ਬੋਲੀਆਂ ਅਤੇ ਗ੍ਰਾਂਟਾਂ ਦੀ ਰਕਮ ਦੇ ਲੈਣ-ਦੇਣ ’ਚ ਕਥਿਤ ਤੌਰ ’ਤੇ ਵੱਡੀਆਂ ਬੇਨਿਯਮੀਆਂ ਕੀਤੀਆਂ ਗਈਆਂ।

ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਅਤੇ ਭਵਾਨੀਗੜ੍ਹ ਸਥਿਤ ਇਕ ਸਬਮਰਸੀਬਲ ਅਤੇ ਸੈਨੇਟਰੀ ਸਟੋਰ ਨਾਲ ਕਥਿਤ ਮਿਲੀਭੁਗਤ ਕਰ ਕੇ ਪੰਚਾਇਤ ਨੂੰ 2.45 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਗਿਆ। ਦੋਸ਼ ਹੈ ਕਿ ਸ਼ਾਮਲਾਤ ਜ਼ਮੀਨ ਦੀਆਂ ਬੋਲੀਆਂ ਅਤੇ ਗ੍ਰਾਂਟਾਂ ਦੀ ਰਕਮ ਕੈਸ਼ ਬੁੱਕ ’ਚ ਕਥਿਤ ਤੌਰ ’ਤੇ ਘੱਟ ਦਰਸਾ ਕੇ ਘਪਲਾ ਕੀਤਾ ਗਿਆ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ’ਚ ਗੁਰਦੇਵ ਸਿੰਘ (ਸਾਬਕਾ ਸਰਪੰਚ), ਮਨਜੀਤ ਸਿੰਘ ਤੇ ਕੁਲਵਿੰਦਰ ਸਿੰਘ ਦੋਵੇਂ (ਵੀ.ਡੀ.ਓਜ਼.) , ਕੁਲਦੀਪ ਸਿੰਘ ਤੇ ਧਰਮ ਸਿੰਘ ਦੋਵੇਂ (ਪੰਚਾਇਤ ਸਕੱਤਰਾਂ) ਖਿਲਾਫ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਵਿਜੀਲੈਂਸ ਬਿਊਰੋ ਸੰਗਰੂਰ ਦੇ ਇੰਸਪੈਕਟਰ ਗਗਨਦੀਪ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਟੀਮ ਵੱਲੋਂ ਰਿਕਾਰਡ ਦੀ ਪੜਤਾਲ ਅਤੇ ਹੋਰ ਸਬੂਤ ਇਕੱਠੇ ਕਰਨ ਦੀ ਕਾਰਵਾਈ ਜਾਰੀ ਹੈ।


author

Anmol Tagra

Content Editor

Related News