ਪੰਜਾਬ ਦੇ ਨੈਸ਼ਨਲ ਹਾਈਵੇ ''ਤੇ ਭਿਆਨਕ ਹਾਦਸਾ, ਕਾਰ ''ਚੋਂ ਮਸਾਂ ਕੱਢਿਆ ਡਰਾਈਵਰ, ਦੇਖਣ ਵਾਲੇ ਵੀ ਕੰਬ ਗਏ
Wednesday, Jun 03, 2026 - 01:43 PM (IST)
ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੇ ਨੈਸ਼ਨਲ ਹਾਈਵੇ ਉੱਪਰ ਪਿੰਡ ਘਾਬਦਾਂ ਦੇ ਪੀਜੀਆਈ ਹਸਪਤਾਲ ਨੇੜੇ ਬੁੱਧਵਾਰ ਸਵੇਰੇ ਤੜਕਸਾਰ ਇਕ ਕਾਰ ਤੇ ਟਰੱਕ ਵਿਚਕਾਰ ਹੋਏ ਦਰਦਨਾਕ ਹਾਦਸੇ ਵਿਚ ਕਾਰ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਾਹਿਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਤੜਕੇ ਪੌਣੇ ਚਾਰ ਵਜੇ ਸੰਗਰੂਰ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਇਕ ਬਰੀਜਾ ਕਾਰ ਜਦੋਂ ਪਿੰਡ ਘਾਬਦਾਂ ਵਿਖੂ ਸਥਿਤ ਪੀਜੀਆਈ ਹਸਪਤਾਲ ਨੇੜੇ ਪਹੁੰਚੀ ਤਾਂ ਇਹ ਅਚਾਨਕ ਬੇਕਾਬੂ ਹੋ ਕੇ ਹਾਈਵੇ ਵਿਚਕਾਰ ਬਣੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਹਾਈਵੇ ਦੀ ਦੂਸਰੀ ਸਾਈਡ ਵਾਲੀ ਸੜਕ 'ਤੇ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਕਾਰ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਡਿਊਟੀ 'ਤੇ ਮੌਜੂਦ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ ਇੰਸਪੈਕਟਰ ਹਰਬੰਸ ਸਿੰਘ ਤੇ ਕਾਂਸਟੇਬਲ ਗੁਰਜਸ਼ਨ ਸਿੰਘ ਨੇ ਹੋਰ ਰਾਹਗੀਰਾਂ ਦੀ ਮਦਦ ਨਾਲ ਕਾਰ ਵਿਚ ਫਸੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਕਾਰ ਚਾਲਕ ਜਗਦੀਸ਼ ਕੁਮਾਰ ਪੁੱਤਰ ਮੇਹਰ ਚੰਦ ਵਾਸੀ ਅਬਲੋਵਾਲ, ਨਾਭਾ ਰੋਡ ਪਟਿਆਲਾ ਨੂੰ ਕਾਫੀ ਜੱਦੋ ਜਹਿਦ ਕਰਕੇ ਬਾਹਰ ਕੱਢਿਆ ਤੇ ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਵਿਚ ਪਏ ਚਾਲਕ ਦੇ ਆਈਫੋਨ ਤੇ ਨਗਦੀ ਨੂੰ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਕਾਰ ਤੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
