ਫਿਲਮ ਪ੍ਰੋਡਿਊਸਰ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਮੁਲਜ਼ਮ ਨਾਮਜ਼ਦ

Wednesday, Oct 15, 2025 - 03:02 PM (IST)

ਫਿਲਮ ਪ੍ਰੋਡਿਊਸਰ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਮੁਲਜ਼ਮ ਨਾਮਜ਼ਦ

ਮੋਹਾਲੀ (ਜੱਸੀ) : ਫਿਲਮ ਪ੍ਰੋਡਿਊਸਰ ਨੀਰਜ ਸਾਹਨੀ ਤੋਂ 1 ਕਰੋੜ 20 ਲੱਖ ਰੁਪਏ ਦੀ ਫਿਰੌਤੀ ਮੰਗਣ ’ਤੇ ਪੁਲਸ ਨੇ ਪਾਕਿਸਤਾਨ ’ਚ ਬੈਠੇ ਹਰਿੰਦਰ ਸਿੰਘ ਰਿੰਦਾ ਖ਼ਿਲਾਫ਼ ਥਾਣਾ ਫ਼ੇਜ਼-1 ਵਿਖੇ ਐੱਫ. ਆਈ. ਆਰ ਦਰਜ ਕੀਤੀ ਹੈ। ਰਿੰਦਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ। ਸ਼ਿਕਾਇਤਕਰਤਾ ਸਾਹਨੀ ਨੇ ਦੱਸਿਆ ਕਿ 6 ਅਕਤੂਬਰ ਦੁਪਹਿਰ ਨੂੰ ਵਿਦੇਸ਼ੀ ਨੰਬਰ ਤੋਂ ਵੀਡੀਓ ਕਾਲ ਆਈ, ਸਾਹਮਣੇ ਤੋਂ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਰਿੰਦਾ ਦੱਸਿਆ ਅਤੇ ਕਿਹਾ ਕਿ ਉਹ ਪਾਕਿਸਤਾਨ ਤੋਂ ਬੋਲ ਰਿਹਾ ਹੈ। ਫੋਨ ਕਰਨ ਵਾਲੇ ਨੇ 1 ਕਰੋੜ 20 ਲੱਖ ਦੀ ਫਿਰੌਤੀ ਮੰਗੀ ਤੇ ਧਮਕੀ ਦਿੱਤੀ ਕਿ ਜੇਕਰ ਆਪਣੀ ਅਤੇ ਪਰਿਵਾਰ ਦੀ ਜਾਨ ਪਿਆਰੀ ਹੈ ਤਾਂ ਪੈਸਿਆਂ ਦਾ ਜਲਦ ਇੰਤਜ਼ਾਮ ਕਰ ਲਵੇ, ਨਹੀਂ ਤਾਂ ਸਾਰਿਆਂ ਨੂੰ ਏ. ਕੇ.-47 ਨਾਲ ਜਾਨ ਤੋਂ ਮਾਰ ਦੇਵੇਗਾ।

ਫੋਨ ਕਰਨ ਵਾਲੇ ਨੇ ਖ਼ੁਦ ਨੂੰ ਹਰਿੰਦਰ ਰਿੰਦਾ ਦੱਸਿਆ ਤੇ ਕਾਲ ਦੌਰਾਨ ਇਕ ਹੋਰ ਵਿਅਕਤੀ ਨੂੰ ਨਾਲ ਜੋੜਿਆ। ਉਸ ਨੇ ਕਿਹਾ ਕਿ ਇਹ ਪੈਸੇ ਦਿਲਪ੍ਰੀਤ ਬਾਬਾ ਤੱਕ ਪਹੁੰਚਾਉਣੇ ਹਨ। ਉਹ ਹਰੇਕ ਹਰਕਤ ’ਤੇ ਨਜ਼ਰ ਰੱਖ ਰਹੇ ਹਨ। ਦੱਸਣਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਜੇਲ੍ਹ ’ਚ ਹੈ। ਉਸ ’ਤੇ ਗਾਇਕ ਤੇ ਕਲਾਕਾਰ ਪਰਮੀਸ਼ ਵਰਮਾ ’ਤੇ ਗੋਲੀ ਚਲਾਉਣ ਦਾ ਕੇਸ ਮੋਹਾਲੀ ਦੀ ਅਦਾਲਤ ’ਚ ਵਿਚਾਰ ਅਧੀਨ ਹੈ।


author

Babita

Content Editor

Related News