ਨੌਕਰੀ ਦਿਵਾਉਣ ਬਦਲੇ ਦੋਸਤੀ, ਫ਼ਿਰ ਵਿਆਹ ਲਈ ਕੀਤਾ ਮਜਬੂਰ, ਪਰਚਾ ਦਰਜ
Thursday, Feb 20, 2025 - 03:16 PM (IST)

ਖਰੜ (ਰਣਬੀਰ) : ਕੁੜੀ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪਹਿਲਾਂ ਦੋਸਤੀ ਤੇ ਬਾਅਦ ’ਚ ਵਿਆਹ ਲਈ ਪਰੇਸ਼ਾਨ ਕਰਨ ਵਾਲੇ ਨੌਜਵਾਨ ਖ਼ਿਲਾਫ਼ ਸਦਰ ਪੁਲਸ ਨੇ ਪਰਚਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ। ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ 2023 ’ਚ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਨੌਕਰੀ ਦੀ ਤਲਾਸ਼ ’ਚ ਸੀ। ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਉਸ ਦੀ ਮੁਲਾਕਾਤ ਗੁਰਵਿੰਦਰ ਸਿੰਘ ਨਾਲ ਹੋਈ। ਉਸ ਨੇ ਨੌਕਰੀ ਲਗਵਾਉਣ ਦਾ ਭਰੋਸਾ ਦੇ ਕੇ ਦੋਸਤੀ ਕਰਨ ਲਈ ਕਿਹਾ। ਦੋਹਾਂ ਵਿਚਾਲੇ ਨਜ਼ਦੀਕੀਆਂ ਵੱਧਣ ਲੱਗੀਆਂ।
ਮੁਲਜ਼ਮ ਮਿਲਣ ਲਈ ਬੁਲਾਉਂਦਾ ਰਿਹਾ। ਜਦੋਂ ਮਨ੍ਹਾਂ ਕਰ ਦਿੱਤਾ ਤਾਂ ਖ਼ੁਦਕੁਸ਼ੀ ਦੀ ਧਮਕੀ ਦਿੰਦਿਆਂ ਦੋਸਤੀ ਬਣਾਈ ਰੱਖਣ ਤੇ ਵਿਆਹ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪੀੜਤਾ ਨੇ ਉਸ ਦਾ ਮੋਬਾਇਲ ਨੰਬਰ ਬਲਾਕ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਨੂੰ ਖਰੜ ’ਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਤਾਂ ਮੁਲਜ਼ਮ ਉੱਥੇ ਪੁੱਜ ਗਿਆ ਤੇ ਜ਼ਬਰਦਸਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਵਿਰੋਧ ਕਰਨ ’ਤੇ ਉਹ ਧਮਕਾਉਣਾ ਲੱਗਾ। ਇਸ ਤੋਂ ਬਾਅਦ ਪਰਿਵਾਰ ਦੀ ਸਲਾਹ ’ਤੇ ਗੁਰਵਿੰਦਰ ਨੂੰ ਮਿਲਣ ਲਈ ਖਰੜ ਸੱਦਿਆ, ਜਿੱਥੇ ਉਸ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।