ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਦੋਸ਼ ’ਚ ਮਾਮਲਾ ਦਰਜ

Monday, Oct 14, 2024 - 04:10 PM (IST)

ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਦੋਸ਼ ’ਚ ਮਾਮਲਾ ਦਰਜ

ਜ਼ੀਰਾ (ਰਾਜੇਸ਼ ਢੰਡ, ਮਨਜੀਤ ਢਿੱਲੋਂ) : ਜ਼ੀਰਾ ਨੇੜਲੇ ਪਿੰਡ ਬਹਿਕ ਪਛਾੜੀਆਂ ਨਜ਼ਦੀਕ ਨੈਸ਼ਨਲ ਹਾਈਵੇ ਨੰਬਰ 54 ਬਠਿੰਡਾ ਅੰਮ੍ਰਿਤਸਰ 'ਤੇ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਦੋਸ਼ ਤਹਿਤ ਥਾਣਾ ਸਦਰ ਜ਼ੀਰਾ ਦੀ ਪੁਲਸ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਦਰ ਜ਼ੀਰਾ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਲਵੰਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਬਹਿਕ ਪਛਾੜੀਆਂ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੀ ਮਾਤਾ ਦੀ ਕਰੀਬ 6-7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਹਾਕਮ ਸਿੰਘ (ਕਰੀਬ 65 ਸਾਲ) ਪੁੱਤਰ ਨਿਰੰਜਨ ਸਿੰਘ ਵਾਸੀ ਬਹਿਕ ਪਛਾੜੀਆਂ ਨੈਸ਼ਨਲ ਹਾਈਵੇ 'ਤੇ ਜ਼ੀਰਾ ਤੋਂ ਮੱਖੂ ਸੜਕ ’ਤੇ ਪਿੰਡ ਬਹਿਕ ਪਛਾੜੀਆ ਨਜ਼ਦੀਕ ਸਬਜ਼ੀ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਬਲਵੰਤ ਸਿੰਘ ਨੇ ਪਿੰਡ ਦੇ ਹੀ ਇੱਕ ਵਿਅਕਤੀ ਜਗਸੀਰ ਸਿੰਘ ਉਰਫ਼ ਸ਼ੀਰਾ ਪੁੱਤਰ ਅਨੈਤ ਵਾਸੀ ਬਹਿਕ ਗੁੱਜਰਾਂ 'ਤੇ ਦੋਸ਼ ਲਗਾਏ ਕਿ ਉਸ ਦੇ ਪਿਤਾ ਹਾਕਮ ਸਿੰਘ ਨੇ ਰੋਜ਼ਾਨਾ ਦੀ ਤਰ੍ਹਾਂ ਰੇਹੜੀ ਲਗਾਈ ਹੋਈ ਸੀ ਅਤੇ ਉਸ ਦੇ ਪਿਤਾ ਤੇ ਉਕਤ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ, ਜਿਸ 'ਤੇ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਵਿਅਕਤੀ ਖ਼ਿਲਾਫ਼ ਥਾਣਾ ਸਦਰ ਜ਼ੀਰਾ ਵਿਖੇਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News