ਅਧਨੰਗੀ ਹਾਲਤ ''ਚ ਪ੍ਰਦਰਸ਼ਨ ਕਰਨ ਖਿਲਾਫ ਕਿੰਨਰਾਂ ਖਿਲਾਫ ਮਾਮਲਾ ਦਰਜ
Thursday, Jun 28, 2018 - 12:26 PM (IST)
ਮੋਹਾਲੀ (ਕੁਲਦੀਪ) : ਇਕ ਮਹੀਨਾ ਪਹਿਲਾਂ ਕਿੰਨਰਾਂ ਦੇ ਇਕ ਗਰੁੱਪ ਵਲੋਂ ਪੁਲਸ ਸਟੇਸ਼ਨ ਮਟੌਰ ਦੇ ਸਾਹਮਣੇ ਅਧਨੰਗੀ ਹਾਲਤ 'ਚ ਰੋਸ ਪ੍ਰਦਰਸ਼ਨ ਕਰਨ ਸਬੰਧੀ ਪੁਲਸ ਨੇ ਅਣਪਛਾਤੇ ਕਿੰਨਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ । ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ । ਪੁਲਸ ਮੁਤਾਬਕ ਪੁਲਸ ਨੇ ਕਿੰਨਰਾਂ ਖਿਲਾਫ ਕੇਸ ਦਰਜ ਕੀਤਾ ਹੈ ।
ਜ਼ਿਕਰਯੋਗ ਹੈ ਕਿ 29 ਮਈ ਨੂੰ ਪੁਲਸ ਸਟੇਸ਼ਨ ਮਟੌਰ ਦੇ ਸਾਹਮਣੇ ਸੜਕ 'ਤੇ ਕੁਝ ਕਿੰਨਰਾਂ ਨੇ ਅਧਨੰਗੀ ਹਾਲਤ ਵਿਚ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਸੜਕ ਤੋਂ ਲੰਘ ਰਹੀਆਂ ਕਈ ਕਾਰਾਂ ਨੂੰ ਰੋਕ ਕੇ ਉਨ੍ਹਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਸਨ । ਕਿੰਨਰਾਂ ਦਾ ਦੋਸ਼ ਸੀ ਕਿ 24 ਮਈ ਨੂੰ ਉਨ੍ਹਾਂ ਦੇ ਨਾਲ ਏਅਰਪੋਰਟ ਰੋਡ 'ਤੇ ਕੁਝ ਕਾਰ ਸਵਾਰ ਨੌਜਵਾਨਾਂ ਨੇ ਛੇੜਛਾੜ ਕੀਤੀ ਸੀ ਤੇ ਉਨ੍ਹਾਂ ਦੇ ਨਾਲ ਗਲਤ ਹਰਕਤਾਂ ਕਰ ਰਹੇ ਸਨ । ਜਦੋਂ ਉਹ ਆਪਣੇ ਬਚਾਅ ਲਈ ਭੱਜ ਰਹੇ ਸਨ ਤਾਂ ਕਾਰ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਸੀ । ਕਿੰਨਰਾਂ ਵਲੋਂ ਉਸ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਰੱਖੀ ਗਈ ਸੀ ।
ਉਥੇ ਹੀ ਦੂਜੇ ਪਾਸੇ ਟਰਾਂਸਜੈਂਡਰ ਵੈੱਲਫੇਅਰ ਬੋਰਡ ਦੀ ਮੈਂਬਰ ਕਾਜਲ ਮੰਗਲਾ ਨੇ ਵੀ ਐੱਸ. ਐੱਸ. ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਕਿੰਨਰਾਂ ਦੇ ਪ੍ਰਦਰਸ਼ਨ ਨੂੰ ਗਲਤ ਦੱਸਿਆ ਸੀ । ਉਨ੍ਹਾਂ ਕਿਹਾ ਸੀ ਕਿ ਅਧਨੰਗੀ ਹਾਲਤ ਵਿਚ ਕੀਤੇ ਗਏ ਪ੍ਰਦਰਸ਼ਨ ਨਾਲ ਇਨਸਾਨੀਅਤ ਸ਼ਰਮਸ਼ਾਰ ਹੋਈ ਤੇ ਉਸ ਪ੍ਰਦਰਸ਼ਨ ਨਾਲ ਕਿੰਨਰਾਂ ਦੀ ਮਰਿਆਦਾ ਨੂੰ ਵੀ ਭਾਰੀ ਠੇਸ ਪਹੁੰਚੀ ਸੀ । ਉਨ੍ਹਾਂ ਨੇ ਵੀ 29 ਮਈ ਨੂੰ ਮਟੌਰ ਥਾਣੇ ਦੇ ਬਾਹਰ ਅਸ਼ਲੀਲ ਪ੍ਰਦਰਸ਼ਨ ਕਰਨ ਵਾਲੇ ਕਿੰਨਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਰੱਖੀ ਸੀ ।
