ਅਕਾਲੀ ਨੇਤਾ ਦੇ ਭਾਣਜੇ 'ਤੇ ਬਲਾਤਕਾਰ ਤੇ ਧੋਖਾਧੜੀ ਦੇ ਦੋਸ਼ (ਵੀਡੀਓ)
Saturday, Nov 03, 2018 - 03:52 PM (IST)
ਪਟਿਆਲਾ/ਚੰਡੀਗੜ੍ਹ (ਜੱਸੋਵਾਲ, ਬਲਜਿੰਦਰ) : ਘਨੌਰ ਪੁਲਸ ਵੱਲੋਂ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਖਿਲਾਫ ਧੋਖਾਦੇਹੀ ਅਤੇ ਬਲਾਤਕਾਰ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇੱਕ ਔਰਤ ਨੇ ਹਰਵਿੰਦਰ ਹਰਪਾਲਪੁਰ ਵਿਰੁੱਧ ਇਹ ਸ਼ਿਕਾਇਤ ਦਰਜ ਕਰਵਾਈ ਸੀ ਕੁਝ ਸਾਲ ਪਹਿਲਾਂ ਜਦੋਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਹ ਪਤੀ ਦੇ ਨਾਂ ਚੜ੍ਹੀ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ, ਜਿਸ ਤਹਿਤ ਉਸ ਨੇ ਉਨ੍ਹਾਂ ਦੇ ਘਰ ਆਉਂਦੇ ਜਸਬੀਰ ਸਿੰਘ ਨਾਂ ਦੇ ਇੱਕ ਅਜਿਹੇ ਸ਼ਖਸ ਨਾਲ ਗੱਲ ਕੀਤੀ, ਜੋ ਕਿ ਪਿੰਡ ਬਘੋਰਾ ਦਾ ਸਾਬਕਾ ਸਰਪੰਚ ਸੀ। ਔਰਤ ਅਨੁਸਾਰ ਜਸਬੀਰ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਦੀ ਜਾਣ-ਪਛਾਣ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨਾਲ ਹੈ ਜੋ ਕਿ ਮਾਲ ਵਿਭਾਗ 'ਚੋਂ ਇਸ ਜ਼ਮੀਨ ਦਾ ਇੰਤਕਾਲ ਉਸ ਦੇ ਨਾਂ 'ਤੇ ਕਰਵਾ ਦੇਵੇਗਾ।
ਬਿਆਨਾਂ ਅਨੁਸਾਰ ਜਸਬੀਰ ਸਿੰਘ ਨਾਲ ਪੁਰਾਣੀ ਜਾਣ-ਪਛਾਣ ਹੋਣ ਕਾਰਨ ਉਸ ਔਰਤ ਨੇ ਆਪਣੀ ਜ਼ਮੀਨ ਦੇ ਕਾਗਜ਼ ਅਤੇ ਕੁਝ ਹੋਰ ਕਾਗਜ਼ਾਂ 'ਤੇ ਅੰਗੂਠਾ ਲਾ ਕੇ ਸਾਰਾ ਕੁਝ ਜਸਬੀਰ ਸਿੰਘ ਅਤੇ ਹਰਵਿੰਦਰ ਹਰਪਾਲਪੁਰ ਦੇ ਹਵਾਲੇ ਕਰ ਦਿੱਤਾ ਪਰ ਉਨ੍ਹਾਂ ਨੇ ਇਹ ਕੰਮ ਕਰਵਾਉਣ ਦੇ ਬਦਲੇ ਪੀੜਤ ਔਰਤ ਨਾਲ ਸਰੀਰਕ ਸਬੰਧ ਬਣਵਾਉਣ ਦੀ ਸ਼ਰਤ ਰੱਖੀ, ਜਿਸ ਦੇ ਇਨਕਾਰ ਤੋਂ ਬਾਅਦ ਹਰਵਿੰਦਰ ਹਰਪਾਲਪੁਰ ਅਤੇ ਜਸਬੀਰ ਸਿੰਘ ਨੇ ਉਸ ਦੇ ਕਾਗਜ਼ ਵਾਪਸ ਕਰਨ ਤੋਂ ਮਨ੍ਹਾਂ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਇਸ ਲਈ ਉਸ ਨੂੰ ਮਜ਼ਬੂਰ ਹੋ ਕੇ ਉਨ੍ਹਾਂ ਦੀ ਗੱਲ ਮੰਨਣੀ ਪਈ, ਜਿਸ ਤੋਂ ਬਾਅਦ ਉਹ ਲੋਕ ਉਸ ਨੂੰ ਘਨੌਰ ਵਿਖੇ ਲੈ ਗਏ। ਪੀੜਤ ਔਰਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਨਾ ਸਿਰਫ਼ ਬਲਾਤਕਾਰ ਕੀਤਾ ਹੈ, ਸਗੋਂ ਉਸ ਨਾਲ 35 ਲੱਖ ਰੁਪਏ ਦੀ ਠੱਗੀ ਵੀ ਮਾਰੀ ਹੈ ਅਤੇ ਹੁਣ ਇਹ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ, ਜਿਸ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਅਤੇ ਜੇਕਰ ਉਸ ਦੀ ਦਰਖਾਸਤ 'ਤੇ ਕੋਈ ਕਾਰਵਾਈ ਨਾ ਹੋਈ ਤਾਂ ਉਸ ਨੂੰ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਵੇਗੀ।
ਹਰਪਾਲਪੁਰ ਨੇ ਦਿੱਤੀ ਸਫਾਈ
ਹਰਪਾਲਪੁਰ ਨੇ ਕਿਹਾ ਕਿ ਰਾਜਸੀ ਬਦਲਾਖੋਰੀ ਲਈ ਉਸ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬੇਗੁਨਾਹੀ ਦੇ ਸਾਰੇ ਸਬੂਤ ਮੌਜੂਦ ਹਨ ਅਤੇ ਉਹ ਕਾਂਗਰਸੀਆਂ ਨੂੰ ਇਸ ਦਾ ਠੋਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ 'ਚ ਅੰਨ੍ਹੇ ਜਿਹੜੇ ਕਾਂਗਰਸੀ ਆਗੂ ਆਪਣੇ ਰਾਜਸੀ ਹਿੱਤਾਂ ਲਈ ਔਰਤ ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਹੈ, ਉਸ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰ ਕੇ ਸਾਹ ਲਵਾਂਗਾ।
