ਸਹਿਕਾਰੀ ਸਭਾ ਦੇ ਮੁਲਾਜ਼ਮ ''ਤੇ ਲੱਗੇ ਕਰੋੜਾਂ ਰੁਪਏ ਗਬਨ ਦੇ ਦੋਸ਼, ਮਾਮਲਾ ਦਰਜ

Saturday, Jun 22, 2024 - 04:08 PM (IST)

ਫਿਰੋਜ਼ਪੁਰ (ਮਲਹੋਤਰ) : ਸਹਿਕਾਰੀ ਸਭਾਵਾਂ ਵਿਭਾਗ ਨੇ ਆਪਣੇ ਇੱਕ ਮੁਲਾਜ਼ਮ ਦੇ ਖ਼ਿਲਾਫ਼ ਪੁਲਸ ਨੂੰ ਗਬਨ ਦੀ ਸ਼ਿਕਾਇਤ ਦਿੰਦੇ ਹੋਏ ਪਰਚਾ ਦਰਜ ਕਰਵਾਇਆ ਹੈ। ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਦਰਸ਼ਨ ਸਿੰਘ ਦੇ ਅਨੁਸਾਰ ਸਹਿਕਾਰੀ ਸਭਾਵਾਂ ਵਿਭਾਗ ਦੇ ਅਧਿਕਾਰੀ ਨੇ ਦਸੰਬਰ 2022 ਵਿਚ ਜ਼ਿਲ੍ਹਾ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦੇ ਦੱਸਿਆ ਸੀ ਕਿ ਵਿਭਾਗ ਦੇ ਅਧੀਨ ਦੀ ਬੰਨਵਾਲੀ ਸਹਿਕਾਰੀ ਖੇਤੀਬਾੜੀ ਸਭਾ ਵਿਚ ਤਾਇਨਾਤ ਰਹੇ ਸਕੱਤਰ ਸੁਰਿੰਦਰ ਸਿੰਘ ਵਾਸੀ ਸੋਢੇਵਾਲਾ ਨੇ ਆਪਣੀ ਸਰਵਿਸ ਦੇ ਦੌਰਾਨ 30 ਲੱਖ 60 ਹਜ਼ਾਰ 224 ਰੁਪਏ ਦਾ ਸਟਾਕ ਖੁਰਦ-ਬੁਰਦ ਕਰ ਦਿੱਤਾ।

ਇਸ ਦੀ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦੋਸ਼ੀ ਨੇ ਸਿਰਫ ਸਟਾਕ ਹੀ ਨਹੀਂ, ਸਗੋਂ ਸੁਸਾਇਟੀ ਦੇ 35 ਮੈਂਬਰ ਕਿਸਾਨਾਂ ਵੱਲੋਂ ਜਮ੍ਹਾਂ ਕਰਵਾਈ ਗਈ 1 ਕਰੋੜ 37 ਲੱਖ 24 ਹਜ਼ਾਰ 780 ਰੁਪਏ ਦੀ ਰਾਸ਼ੀ ਵੀ ਹੜੱਪ ਕਰ ਲਈ ਹੈ। ਇਸ ਸਬੰਧੀ ਸਭਾ ਦੇ ਰਿਕਾਰਡ ਵਿਚ ਕੋਈ ਐਂਟਰੀ ਨਹੀਂ ਪਾਈ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ 'ਤੇ ਸੁਰਿੰਦਰ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
 


Babita

Content Editor

Related News