50 ਕਰੋੜ ਜੁਰਮਾਨਾ ਲੱਗਣ ਤੋਂ ਬਾਅਦ ਵੀ ਸਰਕਾਰ ਗੰਭੀਰ ਨਹੀਂ

01/11/2019 11:30:42 AM

ਲੁਧਿਆਣਾ (ਧੀਮਾਨ)—ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ 'ਚ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.)  ਵਲੋਂ 50 ਕਰੋੜ ਰੁਪਏ ਦਾ ਜੁਰਮਾਨਾ ਲਾਉਣ ਦੇ ਬਾਵਜੂਦ ਪੰਜਾਬ ਸਰਕਾਰ,  ਪ੍ਰਦੂਸ਼ਣ  ਬੋਰਡ ਤੇ ਨਗਰ ਨਿਗਮ ਲੁਧਿਆਣਾ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਗੰਭੀਰ ਨਹੀਂ ਹੈ। ਜੁਰਮਾਨਾ ਲੱਗਣ ਦੇ ਬਾਅਦ ਵੀ ਬੁੱਢੇ ਨਾਲੇ 'ਚ ਕੈਮੀਕਲ ਵਾਲਾ ਪਾਣੀ ਪਾਉਣ ਵਾਲੀ ਡਾਇੰਗ ਇੰਡਸਟਰੀ ਉੱਤੇ ਕਾਰਵਾਈ ਨਾ ਕਰਨਾ ਵੀ ਨਗਰ ਨਿਗਮ ਤੇ ਪ੍ਰਦੂਸ਼ਣ ਵਿਭਾਗ ਦੀ ਇੰਡਸਟਰੀ ਨਾਲ ਮਿਲੀਭੁਗਤ ਵੱਲ ਇਸ਼ਾਰਾ ਕਰ ਰਿਹਾ ਹੈ।  

ਨਾਮਧਾਰੀ ਭਾਈਚਾਰੇ (ਭੈਣੀ ਸਾਹਿਬ) ਦੇ ਸਤਿਗੁਰੂ ਉਦੇ ਸਿੰਘ ਨੇ ਪ੍ਰਦੂਸ਼ਣ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਜ਼ਿੰਮਾ ਚੁੱਕਿਆ ਹੈ ਪਰ ਜਿਸ ਡਾਇੰਗ ਇੰਡਸਟਰੀ ਤੇ ਡੇਅਰੀ ਫ਼ਾਰਮਾਂ ਦੀ ਗੰਦਗੀ ਨੂੰ ਸਾਫ਼ ਕਰਨ ਲਈ ਨਾਮਧਾਰੀ ਸੰਸਥਾ ਦੀ ਸੰਗਤ ਪਿਛਲੇ ਕਈ ਦਿਨਾਂ ਤੋਂ ਤਾਜਪੁਰ ਰੋਡ ਤੋਂ ਬੁੱਢੇ ਦਰਿਆ ਦੀ ਸਫਾਈ ਕਰ ਰਹੀ ਹੈ, ਉਹ ਹੁਣ ਤੱਕ 600 ਮੀਟਰ ਦਾ ਦਾਇਰਾ ਵੀ ਸਾਫ਼  ਨਹੀਂ ਕਰ ਸਕੀ। ਡਾਇੰਗ ਇੰਡਸਟਰੀ ਬੁੱਢੇ ਨਾਲੇ 'ਚ ਜ਼ਹਿਰੀਲਾ ਪਾਣੀ ਪਾਉਣ ਤੋਂ ਬਾਜ਼ ਨਹੀਂ ਆ ਰਹੀ। ਨਾਮਧਾਰੀ ਸੰਗਤ ਸਵੇਰ ਤੋਂ ਸ਼ਾਮ ਤੱਕ ਸਫਾਈ ਕਰਦੀ ਹੈ ਅਤੇ ਅਗਲੇ ਦਿਨ ਡਾਇੰਗ ਇੰਡਸਟਰੀਆਂ ਤੋਂ ਨਿਕਲਣ ਵਾਲੀ ਸੁਆਹ ਅਤੇ ਜ਼ਹਿਰੀਲਾ ਪਾਣੀ ਉੱਥੇ ਆ ਕੇ ਰੁਕ ਰਿਹਾ ਹੈ। ਇਸ ਤੋਂ ਇਲਾਵਾ ਡੇਅਰੀ ਫ਼ਾਰਮਾਂ  ਵਾਲੇ ਵੀ ਗੋਹਾ ਨਾਲੇ 'ਚ ਸੁੱਟ ਰਹੇ ਹਨ। ਤਾਜਪੁਰ ਰੋਡ 'ਤੇ 110 ਡਾਇੰਗ ਯੂਨਿਟ ਹਨ। ਇਨ੍ਹਾਂ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ  ਦੇ ਅਫਸਰ ਵੀ ਹੱਥ ਨਹੀਂ ਪਾਉਂਦੇ। ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਇਨ੍ਹਾਂ ਡਾਇੰਗ ਯੂਨਿਟਾਂ ਦੇ ਕਾਰਨ ਗੰਭੀਰ ਬੀਮਾਰੀਆਂ ਦੀ ਲਪੇਟ 'ਚ ਆ ਚੁੱਕੇ ਹਨ। 

ਮੁੱਖ ਮੰਤਰੀ ਨੇ ਬਣਾਈ ਸੀ ਸਤਿਗੁਰੂ ਉਦੇ ਸਿੰਘ ਦੀ ਨਿਗਰਾਨੀ 'ਚ ਟਾਸਕ ਫੋਰਸ
ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਿਗੁਰੂ ਉਦੇ ਸਿੰਘ ਦੀ ਪ੍ਰਧਾਨਗੀ ਹੇਠ ਇਕ ਟਾਸਕ ਫੋਰਸ ਬਣਾਈ ਸੀ।  ਉਸ ਸਮੇਂ ਕਿਹਾ ਗਿਆ ਸੀ ਕਿ ਸਰਕਾਰ ਵਲੋਂ ਹਰ ਸੰਭਵ ਮਦਦ ਮਿਲੇਗੀ ਪਰ ਇੱਥੇ ਮਦਦ ਤਾਂ ਦੂਰ ਮੌਕੇ 'ਤੇ ਕੋਈ ਅਫਸਰ ਪੁੱਜਣ  ਨੂੰ ਤਿਆਰ ਨਹੀਂ। ਸਵਾਲ ਹੈ ਕਿ ਡਾਇੰਗ ਕਾਰੋਬਾਰੀਆਂ ਦੇ ਨਾਲ-ਨਾਲ ਅਫਸਰ ਤੇ ਨੇਤਾ ਪ੍ਰਦੂਸ਼ਣ ਦਾ ਕਲੰਕ ਕਿਉਂ ਨਹੀਂ ਮਿਟਾਉਣਾ ਚਾਹੁੰਦੇ।  

ਸਖਤੀ ਤੋਂ ਬਾਅਦ ਨਰਮ ਹੋਏੇ ਵਿਧਾਇਕ ਸੰਜੇ ਤਲਵਾੜ
ਵਿਧਾਇਕ ਸੰਜੇ ਤਲਵਾੜ ਨੇ ਬੁੱਢੇ ਨਾਲੇ ਦੀ ਸਫਾਈ ਲਈ ਡਾਇੰਗ ਇੰਡਸਟਰੀ 'ਤੇ ਸਖਤੀ ਕੀਤੀ ਪਰ ਕੁਝ ਦਿਨਾਂ 'ਚ ਉਹ ਵੀ ਠੰਡੇ ਹੋ ਕੇ ਬੈਠ ਗਏ। ਇਸ ਦੇ ਪਿੱਛੇ ਕੀ ਕਾਰਨ ਹੈ ਇਹ ਜਾਣਨ ਲਈ ਜਦੋਂ ਛਾਣਬੀਣ ਕੀਤੀ ਗਈ ਤਾਂ ਪਤਾ ਲਗਾ ਕਿ ਵਿਧਾਇਕ ਤਲਵਾੜ ਡਾਇੰਗ ਇੰਡਸਟਰੀ ਦੇ ਪ੍ਰਭਾਵ 'ਚ ਆ ਕੇ ਉਨ੍ਹਾਂ ਦੀ ਭਾਸ਼ਾ ਬੋਲਣ  ਲੱਗੇ ਹਨ। ਪਹਿਲਾਂ ਜਿਸ ਤਰ੍ਹਾਂ ਵਿਧਾਇਕ ਤਲਵਾੜ ਨੇ ਡਾਇੰਗ ਇੰਡਸਟਰੀ ਵਿਰੁੱਧ ਮੋਰਚਾ ਖੋਲ੍ਹਿਆ ਸੀ,  ਉਸ ਤੋਂ ਲੱਗਦਾ ਸੀ ਕਿ ਹੁਣ ਇਸ ਦਾ ਹੱਲ ਜਲਦੀ ਨਿਕਲੇਗਾ ਪਰ ਹੁਣ ਅਜਿਹਾ ਨਹੀਂ ਦਿਸ ਰਿਹਾ। ਗ਼ੈਰਕਾਨੂੰਨੀ ਸੀਵਰੇਜ ਬੰਦ ਕਰਨ ਦੀ ਪਾਵਰ ਨਾਮਧਾਰੀ ਭਾਈਚਾਰੇ ਕੋਲ ਨਹੀਂ ਹੈ।  ਜੇਕਰ ਵਿਧਾਇਕ ਤਲਵਾੜ ਤੇ ਮੇਅਰ ਸੰਧੂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰਾਂ ਨੇ ਨਾਮਧਾਰੀ ਸੰਸਥਾ ਦਾ ਸਾਥ ਨਹੀਂ ਦਿੱਤਾ ਤਾਂ ਬੁੱਢਾ ਨਾਲਾ ਸਾਫ਼ ਨਹੀਂ ਹੋਵੇਗਾ।  

ਰੋਜ਼ਾਨਾ 50 ਟਿੱਪਰ ਭਰ ਕੇ ਕੱਢੀ ਜਾ ਰਹੀ ਗਾਰ
ਨਾਮਧਾਰੀ ਸਮੁਦਾਏ  ਦੇ ਸੇਵਾਦਾਰਾਂ ਵਲੋਂ ਰੋਜ਼ਾਨਾ 50 ਟਿੱਪਰ ਭਰ ਕੇ ਗਾਰ ਕੱਢੀ ਜਾ ਰਹੀ ਹੈ  ਪਰ ਤਾਜਪੁਰ ਰੋਡ ਉੱਤੇ ਗਾਰ ਕੱਢਣ ਲਈ ਲੱਗੀਆਂ ਮਸ਼ੀਨਾਂ ਉਥੇ ਹੀ ਜੰਮ ਕੇ ਰਹਿ ਗਈਆਂ ਹਨ।  ਇਸ ਏਰੀਏ 'ਚ ਡੇਅਰੀ ਫ਼ਾਰਮਾਂ ਦਾ ਗੋਹਾ ਪਾਣੀ  ਦੇ ਨਾਲ ਨਾਲੇ 'ਚ ਡਿੱਗ ਰਿਹਾ ਹੈ ਅਤੇ ਨਾਲ ਹੀ ਡਾਇੰਗ ਇੰਡਸਟਰੀ ਦੀ  ਸੁਆਹ ਤੇ ਜ਼ਹਿਰੀਲਾ ਪਾਣੀ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ । ਹਰ ਰੋਜ਼ 50 ਤੋਂ 60 ਹਜ਼ਾਰ ਰੁਪਏ ਦਾ ਖਰਚ ਨਾਮਧਾਰੀ ਸੰਸਥਾ ਚੁੱਕ ਰਹੀ ਹੈ। 

ਫੋਟੋ ਖਿੱਚਣ ਤੋਂ ਬਾਅਦ ਅਫਸਰਾਂ ਤੇ ਨੇਤਾਵਾਂ ਨੇ ਨਹੀਂ ਲਈ ਸੁੱਧ
ਤਾਜਪੁਰ ਰੋਡ 'ਤੇ ਜਦੋਂ 23 ਦਸੰਬਰ ਨੂੰ ਨਾਮਧਾਰੀ ਸੰਸਥਾ ਨੇ ਬੁੱਢੇ ਨਾਲੇ ਦੀ ਸਫਾਈ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ  ਤਾਂ ਉਸ ਦਿਨ ਸਾਰੇ ਰਾਜਨੀਤਕ ਨੇਤਾ ਜਿਨ੍ਹਾਂ 'ਚ ਮੇਅਰ ਬਲਕਾਰ ਸਿੰਘ ਸੰਧੂ, ਇਲਾਕੇ  ਦੇ ਵਿਧਾਇਕ ਸੰਜੇ ਤਲਵਾੜ, ਡਾਇੰਗ ਇੰਡਸਟਰੀ ਦੇ ਵੱਡੇ ਨੇਤਾ, ਇਲਾਕੇ ਦੇ ਕੌਂਸਲਰ, ਨਗਰ ਨਿਗਮ  ਦੇ ਅਫਸਰ ਆਪਣੀ ਫੋਟੋ ਖਿਚਵਾਉਣ ਤਾਂ ਪਹੁੰਚ ਗਏ ਪਰ ਉਸ ਤੋਂ ਬਾਅਦ ਕਿਸੇ ਨੇ ਨਾਮਧਾਰੀ ਸੰਗਤ ਦੀ ਮਦਦ ਕਰਨਾ ਮੁਨਾਸਿਬ ਨਹੀਂ ਸਮਝਿਆ। ਨਾਮਧਾਰੀ ਸੰਸਥਾ ਸਫਾਈ ਦਾ ਜੋ ਕੰਮ ਕਰ ਰਹੀ ਹੈ, ਉਹ ਕੰਮ ਨਗਰ ਨਿਗਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਰਕਾਰ ਦੇ ਹੋਰ ਸਬੰਧਤ ਵਿਭਾਗਾਂ ਨੂੰ ਕਰਨਾ ਚਾਹੀਦਾ ਹੈ। ਇਸ ਦੇ ਬਾਵਜੂਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰਾਂ ਨੇ ਜਾਇਜ਼ਾ ਲੈਣਾ ਮੁਨਾਸਿਬ ਨਹੀਂ ਸਮਝਿਆ।  

ਪ੍ਰਦੂਸ਼ਣ ਬੋਰਡ ਦੇ ਅਫਸਰਾਂ ਨੂੰ ਨਹੀਂ ਦਿਸ ਰਹੇ 8 ਗੈਰ-ਕਾਨੂੰਨੀ ਪੁਆਇੰਟ
'ਜਗ ਬਾਣੀ' ਟੀਮ ਨੇ ਦੌਰਾ ਕਰ ਕੇ ਵੇਖਿਆ ਕਿ ਜਿੱਥੇ ਨਾਮਧਾਰੀ ਸੰਗਤ ਬੁੱਢੇ ਦਰਿਆ ਨੂੰ ਸਾਫ਼ ਕਰ ਰਹੀ ਹੈ, ਉਥੇ ਹੀ ਕੁਝ ਦੂਰੀ ਉੱਤੇ ਡਾਇੰਗ ਇੰਡਸਟਰੀ ਬਿਨਾਂ ਟਰੀਟ ਕੀਤਾ ਹੋਇਆ ਕੈਮੀਕਲ ਵਾਲਾ ਕਾਲੇ-ਲਾਲ ਰੰਗ ਦਾ ਪਾਣੀ ਗ਼ੈਰਕਾਨੂੰਨੀ ਸੀਵਰੇਜ ਦੇ ਰਾਹੀਂ ਬੁੱਢੇ ਨਾਲੇ 'ਚ ਸੁੱਟ ਰਹੀ ਹੈ।  
ਇਸ ਲਈ ਨਾਮਧਾਰੀ ਸੰਗਤ ਨੂੰ ਵੀ ਬੁੱਢਾ ਦਰਿਆ ਸਾਫ਼ ਕਰਨਾ ਮੁਸ਼ਕਲ ਲੱਗ ਰਿਹਾ ਹੈ। ਡਾਇੰਗ ਇੰਡਸਟਰੀ ਸਫਾਈ 'ਚ ਸਾਥ ਦੇਣਾ ਤਾਂ ਦੂਰ ਉਲਟਾ ਸਾਫ਼ ਹੋ ਰਹੇ ਬੁੱਢੇ ਨਾਲੇ ਨੂੰ ਫਿਰ ਗੰਦਾ ਕਰਨ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਨਾਮਧਾਰੀ ਸੰਗਤ ਦਾ ਕਹਿਣਾ ਹੈ ਕਿ ਡਾਇੰਗ ਇੰਡਸਟਰੀ ਲਈ ਮਨੁੱਖੀ ਜਾਨ ਦੀ ਕੋਈ ਕੀਮਤ ਨਹੀਂ ਹੈ। ਟੀਮ ਨੇ ਇਸ ਵਾਰ ਫਿਰ 8 ਗ਼ੈਰਕਾਨੂੰਨੀ ਪੁਆਇੰਟਾਂ ਤੋਂ ਜ਼ਹਿਰੀਲਾ ਪਾਣੀ ਆਉਂਦੇ ਹੋਏ ਆਪਣੇ ਕੈਮਰੇ 'ਚ ਕੈਦ ਕੀਤਾ, ਜਦਕਿ ਇਹ ਪੁਆਇੰਟ ਅੱਜ ਵੀ ਪ੍ਰਦੂਸ਼ਣ ਬੋਰਡ  ਦੇ ਅਫਸਰਾਂ ਨੂੰ ਨਹੀਂ ਦਿਸ ਰਹੇ। 


Shyna

Content Editor

Related News