ਵਿੱਤ ਮੰਤਰੀ ਦਾ ਦਫ਼ਤਰ ਬਣਨ ਤੋਂ ਪਹਿਲਾਂ ਵਿਵਾਦਾਂ ''ਚ

Tuesday, Aug 08, 2017 - 02:14 PM (IST)

ਬਠਿੰਡਾ - ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਦਫ਼ਤਰ ਬਣਨ ਤੋਂ ਪਹਿਲਾਂ ਹੀ ਵਿਵਾਦਾਂ 'ਚ ਅਟਕ ਗਿਆ ਹੈ ਕਿਉਂਕਿ ਜ਼ਿਲਾ ਪ੍ਰੀਸ਼ਦ ਦੇ ਅਕਾਲੀ ਚੇਅਰਮੈਨ ਨੇ ਕਾਂਗਰਸੀਆਂ 'ਤੇ ਬਿਨਾਂ ਮਨਜ਼ੂਰੀ ਸਰਕਾਰੀ ਇਮਾਰਤ ਦੀ ਭੰਨ-ਤੋੜ ਕਰਨ ਦਾ ਦੋਸ਼ ਲਾਇਆ ਹੈ ਪਰ ਇਸ ਸੰਬੰਧੀ ਕੋਈ ਵੀ ਕਾਂਗਰਸੀ ਆਗੂ ਬੋਲਣ ਲਈ ਤਿਆਰ ਨਹੀਂ ਤੇ ਨਾ ਹੀ ਵਿੱਤ ਮੰਤਰੀ ਨਾਲ ਸੰਪਰਕ ਹੋ ਸਕਿਆ। 
ਕੀ ਹੈ ਮਾਮਲਾ? 
ਬਠਿੰਡਾ ਕਾਂਗਰਸ ਨੇ ਫੈਸਲਾ ਲਿਆ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਦਫ਼ਤਰ ਬਣਾਇਆ ਜਾਵੇ, ਜਿਸ ਵਾਸਤੇ ਪੰਚਾਇਤ ਭਵਨ, ਸਾਹਮਣੇ ਖੇਡ ਸਟੇਡੀਅਮ ਬਠਿੰਡਾ ਦੀ ਚੋਣ ਕੀਤੀ ਗਈ। ਸੁਭਾਵਿਕ ਹੈ ਕਿ ਵਿੱਤ ਮੰਤਰੀ ਤੋਂ ਵੀ ਮਨਜ਼ੂਰੀ ਲਈ ਗਈ ਹੋਵੇਗੀ। ਇਸ ਲਈ ਉਕਤ ਇਮਾਰਤ ਦੀ ਭੰਨ-ਤੋੜ ਕਰ ਕੇ ਇਸ ਨੂੰ ਦਫ਼ਤਰ ਦਾ ਰੂਪ ਦਿੱਤਾ ਜਾਣ ਲੱਗਾ ਪਰ ਜ਼ਿਲਾ ਪ੍ਰੀਸ਼ਦ ਦੇ ਅਕਾਲੀ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਇਸ 'ਤੇ ਇਤਰਾਜ਼ ਲਾ ਦਿੱਤਾ। ਇਸ ਲਈ ਹੁਣ ਮਾਮਲਾ ਅਧਵਾਟੇ ਲਟਕ ਰਿਹਾ ਹੈ। 
ਦਫ਼ਤਰ ਬਣਾਉਣ ਲਈ ਮਨਜ਼ੂਰੀ ਨਹੀਂ ਲਈ ਗਈ : ਗੁਰਪ੍ਰੀਤ ਸਿੰਘ ਮਲੂਕਾ
ਸ. ਮਲੂਕਾ ਵੱਲੋਂ ਜ਼ਿਲਾ ਪ੍ਰੀਸ਼ਦ ਹਾਊਸ ਦੀ ਮੀਟਿੰਗ ਸੱਦੀ ਗਈ, ਜਿਸ 'ਚ ਸੰਬੰਧਿਤ ਏ.ਡੀ.ਸੀ. ਸ਼ੀਨਾ ਅਗਰਵਾਲ ਵੀ ਸਨ। ਮੀਟਿੰਗ 'ਚ ਇਤਰਾਜ਼ ਉੱਠਿਆ ਕਿ ਕਾਂਗਰਸ ਨੇ ਬਿਨਾਂ ਮਨਜ਼ੂਰੀ ਪੰਚਾਇਤ ਭਵਨ 'ਤੇ ਕਬਜ਼ਾ ਕਿਉਂ ਕੀਤਾ ਤੇ ਕਿਉਂ ਇਸ ਦੀ ਭੰਨ-ਤੋੜ ਕੀਤੀ ਗਈ, ਜਿਸ 'ਤੇ ਸ਼ੀਨਾ ਅਗਰਵਾਲ ਦਾ ਜਵਾਬ ਸੀ ਕਿ ਪੰਚਾਇਤ ਵਿਭਾਗ ਦੇ ਇੰਜੀਨੀਅਰ ਵਿੰਗ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਹਾਊਸ ਨੇ ਇਸ ਨਾਲ ਸਹਿਮਤੀ ਨਹੀਂ ਜਤਾਈ, ਜਿਸ ਦਾ ਕਹਿਣਾ ਸੀ ਕਿ ਇੰਜੀ. ਵਿੰਗ ਬਿਨਾਂ ਮਨਜ਼ੂਰੀ ਅਜਿਹਾ ਨਹੀਂ ਕਰ ਸਕਦਾ। 
ਸ. ਮਲੂਕਾ ਨੇ ਕਿਹਾ ਕਿ ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਕਰੇਗੀ। ਉਸ ਤੋਂ ਬਾਅਦ ਹਾਊਸ ਦੀ ਮੀਟਿੰਗ 'ਚ ਇਹ ਮਾਮਲਾ ਰੱਖਿਆ ਜਾਵੇਗਾ। ਵਿੱਤ ਮੰਤਰੀ ਦੇ ਦਫ਼ਤਰ ਲਈ ਉਕਤ ਜਗ੍ਹਾ ਦਿੱਤੀ ਜਾਵੇ ਜਾਂ ਨਹੀਂ, ਇਹ ਫੈਸਲਾ ਹਾਊਸ ਹੀ ਕਰੇਗਾ। ਇਸ ਤੋਂ ਇਲਾਵਾ ਬਿਨਾਂ ਮਨਜ਼ੂਰੀ ਇਮਾਰਤ ਦੀ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ। 
ਕੀ ਕਹਿੰਦੇ ਹਨ ਏ. ਡੀ. ਸੀ.?
ਏ. ਡੀ. ਸੀ. ਸ਼ੀਨਾ ਅਗਰਵਾਲ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਪੰਚਾਇਤ ਭਵਨ ਇਮਾਰਤ 'ਚ ਭੰਨ-ਤੋੜ ਕਿਸ ਨੇ ਅਤੇ ਕਿਉਂ ਕੀਤੀ। ਮੀਟਿੰਗ ਵਿਚ ਮਾਮਲਾ ਵਿਚਾਰਿਆ ਗਿਆ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਰੂਰਤ ਪਈ ਤਾਂ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।


Related News