ਵਿੱਤ ਮੰਤਰੀ ਹਰਪਾਲ ਚੀਮਾ ਨੇ RDF ਖ਼ਤਮ ਕਰਨ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
Friday, May 05, 2023 - 01:15 AM (IST)
ਜਲੰਧਰ (ਧਵਨ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਸ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ ਕਿਉਂਕਿ ਉਸ ਨੇ ਪੰਜਾਬ ਸਰਕਾਰ ਦੇ ਆਰ. ਡੀ. ਐੱਫ. ਦੇ 1000 ਕਰੋੜ ਰੁਪਏ ਰੋਕ ਲਏ ਹਨ। ਆਰ. ਡੀ. ਐੱਫ. ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਦਕਿ ਮਾਰਕੀਟ ਫੀਸ ਦੀ ਰਕਮ 3 ਫ਼ੀਸਦੀ ਤੋਂ ਘਟਾ ਕੇ 2 ਫ਼ੀਸਦੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਖੈਬਰ-ਪਖਤੂਨਖਵਾ ਦੇ ਸਕੂਲ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, 7 ਅਧਿਆਪਕਾਂ ਦੀ ਮੌਤ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 3 ਕਾਲੇ ਕਾਨੂੰਨ ਬਣਾ ਕੇ ਪਹਿਲਾਂ ਕਿਸਾਨਾਂ ਦੇ ਖਿਲਾਫ਼ ਫ਼ੈਸਲੇ ਲਏ ਸਨ ਅਤੇ ਹੁਣ ਮੁੜ ਉਸ ਨੇ ਪੰਜਾਬ ਦੇ ਖਿਲਾਫ਼ ਫ਼ੈਸਲਾ ਲਿਆ ਹੈ। ਪਹਿਲਾਂ ਕੇਂਦਰ ਸਰਕਾਰ ਦੇ ਕਾਗਜ਼ਾਤ ’ਚ ਆਰ. ਡੀ. ਐੱਫ. ਦਾ ਕਾਲਮ ਖਾਲੀ ਛੱਡਿਆ ਗਿਆ ਸੀ ਪਰ ਹੁਣ ਕੇਂਦਰ ਸਰਕਾਰ ਨੇ ਇਸ ਕਾਲਮ ਨੂੰ ਖ਼ਤਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪੰਜਾਬ ਨਾਲ ਮਤਰੇਆ ਵਤੀਰਾ ਕਰ ਰਹੀ ਹੈ ਅਤੇ ਉਹ ਪੰਜਾਬ, ਪੰਜਾਬੀਆਂ ਤੇ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ। ਅਸਲ ਵਿਚ ਭਾਜਪਾ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰਨ ’ਚ ਲੱਗੀ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੀ ਪੰਜਾਬ ਦੇ ਭਾਜਪਾ ਨੇਤਾ ਕੇਂਦਰ ਸਰਕਾਰ ਨੂੰ ਪੁੱਛਣਗੇ ਕਿ ਉਸ ਨੇ ਪੰਜਾਬ ਵਿਰੋਧੀ ਫ਼ੈਸਲਾ ਕਿਉਂ ਲਿਆ? ਭਾਜਪਾ ਦੇ ਕੇਂਦਰੀ ਮੰਤਰੀ ਜਲੰਧਰ ਵਿਚ ਕਹਿ ਰਹੇ ਸਨ ਕਿ ਭਾਜਪਾ ਪੰਜਾਬ ਦੀ ਹਿਤੈਸ਼ੀ ਹੈ ਪਰ ਉਨ੍ਹਾਂ ਦੇ ਇਸ ਬਿਆਨ ਦੇ 24 ਘੰਟਿਆਂ ਅੰਦਰ ਹੀ ਕੇਂਦਰ ਸਰਕਾਰ ਵੱਲੋਂ ਜਾਰੀ ਕਾਗਜ਼ਾਤ ’ਚੋਂ ਆਰ. ਡੀ. ਐੱਫ. ਦਾ ਕਾਲਮ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ 3 ਕਾਲੇ ਕਾਨੂੰਨ ਬਣਾਏ ਸਨ, ਜਿਨ੍ਹਾਂ ਖਿਲਾਫ਼ ਪੰਜਾਬ ਦੇ ਕਿਸਾਨਾਂ ਨੇ ਡਟ ਕੇ ਸੰਘਰਸ਼ ਕੀਤਾ ਸੀ, ਜਿਸ ਤੋਂ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਗੋਡੇ ਟੇਕਣ ਲਈ ਮਜਬੂਰ ਹੋ ਗਈ ਸੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਗਜ਼ਾਤ ’ਚ ਪਹਿਲਾਂ ਆਰ. ਡੀ. ਐੱਫ. ਦਾ ਪੈਸਾ ਦੇਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ ਪਰ ਕਾਲਮ ਖਾਲੀ ਰੱਖਿਆ ਗਿਆ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਕੇਂਦਰ ਨੇ ਪੰਜਾਬ ਦਾ ਬਕਾਇਆ ਅਦਾ ਕਰਨਾ ਹੈ ਪਰ ਹੁਣ ਤਾਂ ਇਸ ਕਾਲਮ ਨੂੰ ਹੀ ਖ਼ਤਮ ਕਰ ਦਿੱਤਾ ਗਿਆ ਹੈ। ਆਰ. ਡੀ. ਐੱਫ. ਫਸਲਾਂ ਦੀ ਘੱਟੋ-ਘੱਟ ਸਮਰਥਨ ਕੀਮਤ ਦਾ 3 ਫ਼ੀਸਦੀ ਹੁੰਦਾ ਸੀ।