ਅਕਾਲੀ ਦਲ ਨੇ ਬਖਤਰਬੰਦ ਲਗਜ਼ਰੀ ਕਾਰਾਂ ਦਾ ਪ੍ਰਸਤਾਵ ਰੱਦ ਕਰਨ ''ਤੇ ਦਿੱਤੀ ਇਹ ਪ੍ਰਤੀਕਿਰਿਆ

Friday, Sep 14, 2018 - 02:17 PM (IST)

ਅਕਾਲੀ ਦਲ ਨੇ ਬਖਤਰਬੰਦ ਲਗਜ਼ਰੀ ਕਾਰਾਂ ਦਾ ਪ੍ਰਸਤਾਵ ਰੱਦ ਕਰਨ ''ਤੇ ਦਿੱਤੀ ਇਹ ਪ੍ਰਤੀਕਿਰਿਆ

ਚੰਡੀਗੜ੍ਹ(ਅਸ਼ਵਨੀ)— ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਨਵੀਆਂ ਬਖ਼ਤਰਬੰਦ ਲਗਜ਼ਰੀ ਕਾਰਾਂ ਖਰੀਦਣ ਦੇ ਪੰਜਾਬ ਪੁਲਸ ਦੇ ਪ੍ਰਸਤਾਵ ਨੂੰ ਰੱਦ ਕਰਨ 'ਤੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਪੰਜਾਬ ਦੇ ਸੀਨੀਅਰ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੁਰੱਖਿਆ ਛਤਰੀ ਵਿਅਕਤੀਆਂ ਨੂੰ ਦਰਪੇਸ਼ ਸੰਭਾਵੀ ਖਤਰਿਆਂ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਜਾਂਦੀ ਹੈ ਅਤੇ ਮਨਪ੍ਰੀਤ ਨੇ ਸੁਰੱਖਿਆ ਲੋੜਾਂ ਨੂੰ ਨਜ਼ਰ-ਅੰਦਾਜ਼ ਕਰਦਿਆਂ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਨਪ੍ਰੀਤ ਉਨ੍ਹਾਂ ਵਿਅਕਤੀਆਂ ਦੀਆਂ ਜ਼ਿੰਦਗੀਆਂ 'ਤੇ ਹੋਛੀ ਸਿਆਸਤ ਕਰ ਰਿਹਾ ਹੈ, ਜਿਨ੍ਹਾਂ ਨੇ ਨਾ ਸਿਰਫ ਆਪਣੀ ਸਾਰੀ ਜ਼ਿੰਦਗੀ ਸੂਬੇ ਲਈ ਸਮਰਪਿਤ ਕਰ ਦਿੱਤੀ ਹੈ, ਸਗੋਂ ਉਹ ਵਿੱਤ ਮੰਤਰੀ ਦੇ ਸਿਆਸੀ ਗੁਰੂ ਵੀ ਰਹੇ ਹਨ ਅਤੇ ਮਨਪ੍ਰੀਤ ਨਾਲ ਉਨ੍ਹਾਂ ਦੀ ਖੂਨ ਦੇ ਰਿਸ਼ਤੇ ਦੀ ਸਾਂਝ ਹੈ।

ਉਨ੍ਹਾਂ ਦੱਸਿਆ ਕਿ ਬਾਦਲ ਅਤੇ ਸੁਖਬੀਰ ਬਾਦਲ ਦੇ ਸੁਰੱਖਿਆ ਕਾਫਲੇ ਵਿਚ ਮੌਜੂਦ ਪੁਰਾਣੀ ਟੋਇਟਾ ਲੈਂਡ ਕਰੂਜ਼ਰ ਗੱਡੀਆਂ ਨੂੰ ਬਦਲਣ ਲਈ ਪੰਜਾਬ ਪੁਲਸ ਨੇ ਇਕ ਪ੍ਰਸਤਾਵ ਭੇਜਿਆ ਸੀ। ਇਸ ਤੋਂ ਇਲਾਵਾ ਪੁਲਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਲਈ ਨਵੇਂ ਬੁਲੇਟ ਪਰੂਫ ਵਾਹਨਾਂ ਦੀ ਵੀ ਮੰਗ ਕੀਤੀ ਸੀ ਕਿਉਂਕਿ ਮੌਜੂਦਾ ਵਾਹਨ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ, ਜਿਸ ਕਰਕੇ ਸੰਵੇਦਨਸ਼ੀਲ ਸੁਰੱਖਿਆ ਆਪਰੇਸ਼ਨਾਂ ਦੌਰਾਨ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਅਕਾਲੀ ਆਗੂ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਸਾਰੀਆਂ ਸੁਰੱਖਿਆ ਲੋੜਾਂ ਨੂੰ ਨਜ਼ਰ-ਅੰਦਾਜ਼ ਕਰਦਿਆਂ ਇਸ ਆਧਾਰ ਉੱਤੇ ਇਹ ਪ੍ਰਸਤਾਵ ਰੱਦ ਕੀਤਾ ਹੈ ਕਿ ਬਾਦਲ ਅਤੇ ਮਜੀਠੀਆ ਅਮੀਰ ਵਿਅਕਤੀ ਹਨ ਅਤੇ ਉਹ ਖੁਦ ਬੁਲੇਟ ਪਰੂਫ ਗੱਡੀਆਂ ਖਰੀਦ ਸਕਦੇ ਹਨ। ਉਨ੍ਹਾਂ ਨੂੰ ਆਪਣੀ ਇਸ ਜ਼ਰੂਰਤ ਲਈ ਸਰਕਾਰ 'ਤੇ ਨਿਰਭਰ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਮਨਪ੍ਰੀਤ ਨੇ ਇਹ ਦਲੀਲ ਵੀ ਦਿੱਤੀ ਹੈ ਕਿ ਸੂਬੇ ਦੀ ਵਿੱਤੀ ਹਾਲਤ ਮਾੜੀ ਹੈ ਅਤੇ ਸਰਕਾਰ ਖਰਚੇ ਘਟਾ ਰਹੀ ਹੈ। ਮਨਪ੍ਰੀਤ ਵਲੋਂ ਦਿੱਤੀਆਂ ਦਲੀਲਾਂ ਦੀ ਨਿਖੇਧੀ ਕਰਦਿਆਂ ਗਰੇਵਾਲ ਨੇ ਕਿਹਾ ਕਿ ਕੁੱਝ ਕਾਂਗਰਸੀ ਆਗੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਦਹਾਕਿਆਂ ਤੋਂ ਜ਼ੈੱਡ ਕੈਟਾਗਰੀ ਵਾਲੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਅਕਾਲੀ ਦਲ ਜਾਂ ਇਸ ਦੀ ਸਰਕਾਰ ਨੇ ਕਦੇ ਵੀ ਉਨ੍ਹਾਂ ਦੀ ਸੁਰੱਖਿਆ 'ਤੇ ਹੁੰਦੇ ਖਰਚੇ 'ਤੇ ਕਦੇ ਕੋਈ ਉਜ਼ਰ ਨਹੀਂ ਕੀਤਾ।


Related News