ਖਜ਼ਾਨਾ ਮੰਤਰੀ ਸਹੁਰੇ ਪਿੰਡ ''ਤੇ ਹੋਏ ਮਿਹਰਬਾਨ, ਦਿੱਤੀ 8 ਲੱਖ 64 ਹਜ਼ਾਰ ਦੀ ਗ੍ਰਾਂਟ
Friday, Sep 13, 2019 - 02:54 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਸਹੁਰਿਆਂ ਦੇ ਪਿੰਡ ਗੰਧੜ੍ਹ 'ਤੇ ਪੂਰੇ ਮਿਹਰਬਾਨ ਹੋ ਗਏ ਹਨ, ਜਿਨ੍ਹਾਂ ਨੇ ਰਿਸ਼ਤੇਦਾਰ ਜੈਜੀਤ ਸਿੰਘ ਜੋਹਲ ਰਾਹੀਂ ਪਿੰਡ ਦੇ ਵਿਕਾਸ ਕਾਰਜਾਂ ਲਈ ਗਰਾਂਟਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੇ ਦਿਨੀਂ ਜੈਜੀਤ ਸਿੰਘ ਜੌਹਲ ਨੇ ਪਿੰਡ ਦੇ ਪਤਵੰਤਿਆਂ ਨਾਲ ਮੀਟਿੰਗ ਕਰਕੇ ਪਿੰਡ 'ਚ ਜੋ ਕੰਮ ਅਧੁਰੇ ਪਏ ਹਨ, ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਖਜ਼ਾਨਾ ਮੰਤਰੀ ਵਲੋਂ ਭੇਜੀ 8 ਲੱਖ 64 ਹਜ਼ਾਰ ਰੁਪਏ ਦੀ ਗ੍ਰਾਂਟ ਪਿੰਡ ਦੀ ਪੰਚਾਇਤ ਨੂੰ ਕਮਿਊਨਟੀ ਹਾਲ ਦੀ ਇਮਾਰਤ ਲਈ ਦਿੱਤੀ। ਜ਼ਿਕਰਯੋਗ ਹੈ ਕਿ ਉਕਤ ਹਾਲ ਦੀ ਉਸਾਰੀ ਦਾ ਕੰਮ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਸ਼ੁਰੂ ਹੋਇਆ ਸੀ, ਜੋ ਪਿਛਲੇ 5 ਸਾਲਾਂ ਤੋਂ ਲਟਕਿਆ ਪਿਆ ਹੈ। ਜੈਜੀਤ ਜੋਹਲ ਨੇ ਇਸ ਅਧੂਰੇ ਪਏ ਕੰਮ ਨੂੰ ਨੇਪਰੇ ਚਾੜ੍ਹਨ ਲਈ ਮੁੜ ਗਰਾਂਟ ਦੇ ਕੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ, ਗੋਗੀ ਸਿੰਘ, ਨਾਮਦਾਰ ਸਿੰਘ ਸਹਾਰਨ, ਸੁਖਪਾਲ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ ਥਿੰਦ, ਇਕਬਾਲ ਸਿੰਘ, ਰਾਜਨ ਬਰਾੜ ਆਦਿ ਮੌਜੂਦ ਸਨ।
ਪਿੰਡ ਦੀ ਫਿਰਨੀ 'ਤੇ ਲੱਗਣਗੀਆਂ ਐੱਲ.ਡੀ. ਲਾਇਟਾਂ
ਪਿੰਡ ਗੰਧੜ੍ਹ ਦੀ ਫਿਰਨੀ 'ਤੇ ਐੱਲ.ਡੀ. ਲਾਇਟਾਂ ਲਗਾਉਣ ਲਈ ਖਜ਼ਾਨਾ ਮੰਤਰੀ ਵਲੋਂ ਗ੍ਰਾਂਟ ਭੇਜੀ ਗਈ ਹੈ, ਜਿਸ ਸਦਕਾ ਲਾਇਟਾਂ ਅਤੇ ਹੋਰ ਲੋੜੀਂਦਾ ਸਾਮਾਨ ਆ ਚੁੱਕਾ ਹੈ।
ਦਾਣਾ ਮੰਡੀ ਦੇ ਫੜ੍ਹ ਲਈ ਭੇਜਿਆ 15 ਲੱਖ
ਪਿੰਡ ਗੰਧੜ੍ਹ ਦੇ ਕਿਸਾਨਾਂ ਨੂੰ ਲਾਭ ਦੇਣ ਲਈ ਪਿੰਡ 'ਚ ਜੋ ਦਾਣਾ ਮੰਡੀ ਬਣਾਈ ਗਈ ਹੈ, ਉਸ ਦਾ ਫੜ ਬਣਾਉਣ ਲਈ ਖਜ਼ਾਨਾ ਮੰਤਰੀ ਨੇ 15 ਲੱਖ ਰੁਪਏ ਭੇਜੇ ਹਨ ਅਤੇ ਇਹ ਕੰਮ ਵੀ ਸ਼ੁਰੂ ਹੋਣ ਵਾਲਾ ਹੈ।
ਅਜੇ ਹੋਰ ਕੀ-ਕੀ ਹੋਣ ਵਾਲਾ ਹੈ
ਪਿੰਡ ਗੰਧੜ 'ਚ ਅਜੇ ਬਹੁਤ ਸਾਰੇ ਕੰਮ ਹੋਰ ਵੀ ਅਧੂਰੇ ਪਏ ਹਨ, ਕਿਉਂਕਿ ਪਿੰਡ 'ਚ ਸਰਕਾਰੀ ਸਿਹਤ ਡਿਸਪੈਂਸਰੀ, ਪਸ਼ੂ ਹਸਪਤਾਲ, ਡਾਕਘਰ, ਬੈਂਕ ਆਦਿ ਨਹੀਂ ਹੈ। ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਵਾਲਾ ਆਰ.ਓ. ਸਿਸਟਮ ਪਿਛਲੇ 5 ਸਾਲਾਂ ਤੋਂ ਬੰਦ ਹੈ, ਜੋ ਹੁਣ ਕਬਾੜ ਬਣ ਚੁੱਕਾ ਹੈ। ਸਕੂਲ ਦੀ ਕਮੀ ਅਤੇ ਆਵਾਜਾਈ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਾਰਨ ਪਿੰਡ ਵਾਸੀਆਂ ਨੇ ਵਿੱਤ ਮੰਤਰੀ ਨੂੰ ਇਨ੍ਹਾਂ ਘਾਟਾਂ ਵੱਲ ਵੀ ਧਿਆਨ ਦੇਣ ਦੀ ਮੰਗ ਕੀਤੀ ਹੈ।