ਮੋਟਰਸਾਈਕਲ ਸਵਾਰ 3 ਲੁਟੇਰੇ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਰੁਪਏ ਵਾਲਾ ਬੈਗ ਖੋਹ ਕੇ ਫਰਾਰ
Tuesday, Oct 18, 2022 - 05:17 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ) : ਪਿੰਡ ਟਿੱਲੂ ਅਰਾਈਆਂ ਦੇ ਨੇੜੇ 3 ਮੋਟਰਸਾਈਕਲ ਸਵਾਰ ਲੁਟੇਰੇ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਪੈਸਿਆਂ ਵਾਲਾ ਤੇ ਹੋਰ ਸਮਾਨ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਥਾਣਾ ਗੁਰੂਹਰਸਹਾਏ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਆਤਮਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਧਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਰੂੜ ਜ਼ਿਲ੍ਹਾ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਭਾਰਤ ਫਾਈਨਾਂਸ ਇਨਕਲੋਜਿੰਗ ਲਿਮ. ਕੰਪਨੀ ਜਲਾਲਾਬਾਦ ਵਿਚ ਲੱਗਾ ਹੋਇਆ ਹੈ ਤੇ ਪਿੰਡਾਂ ਵਿਚੋਂ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦਾ ਹੈ।
ਸ਼ਿਕਾਇਤਕਰਤਾ ਅਨੁਸਾਰ ਬੀਤੇ ਦਿਨੀਂ ਉਹ ਆਪਣੇ ਮੋਟਰਸਾਈਕਲ ’ਤੇ ਪਿੰਡਾਂ ਵਿਚੋਂ ਕਿਸ਼ਤਾਂ ਇਕੱਠੀਆਂ ਕਰਕੇ ਵਾਇਆਂ ਜੀਵਾਂ ਅਰਾਈਂ ਤੋਂ ਜਲਾਲਾਬਾਦ ਜਾ ਰਿਹਾ ਸੀ ਤਾਂ ਪਿੰਡ ਟਿੱਲੂ ਅਰਾਈਆਂ ਕੋਲ 3 ਨਾਮਲੂਮ ਵਿਅਕਤੀ ਮੋਟਰਸਾਈਕਲ ’ਤੇ ਆਏ। ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਜੋ ਉਸਦਾ ਪੈਸਿਆਂ ਵਾਲਾ ਬੈਗ ਝਪਟ ਕੇ ਫਰਾਰ ਹੋ ਗਏ, ਜਿਸ ਵਿਚ 52400 ਰੁਪਏ ਨਕਦੀ, ਇਕ ਟੈਬਲੇਟ ਅਤੇ ਬਾਇਓ ਮੈਟ੍ਰਿਕ ਫਿੰਗਰ ਟੱਚ ਵਾਲੀ ਮਸ਼ੀਨ ਸੀ। ਪੁਲਸ ਦੀ ਕਾਰਵਾਈ ਜਾਰੀ ਹੈ।