ਇਕਾਂਤਵਾਸ ਭੰਗ ਕਰਨ ਅਤੇ ਕੁੱਟ ਮਾਰ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਵਿਰੁੱਧ ਮਾਮਲਾ ਦਰਜ

Wednesday, May 13, 2020 - 12:36 PM (IST)

ਇਕਾਂਤਵਾਸ ਭੰਗ ਕਰਨ ਅਤੇ ਕੁੱਟ ਮਾਰ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਵਿਰੁੱਧ ਮਾਮਲਾ ਦਰਜ

ਭਵਾਨੀਗੜ੍ਹ (ਕਾਂਸਲ) : ਸਥਾਨਕ ਪੁਲਸ ਵਲੋਂ ਇਕ ਵਿਅਕਤੀ ਦੀ ਕੁੱਟ ਮਾਰ ਕਰਨ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਹਸਪਤਾਲ ਵਿਖੇ ਜੇਰੇ ਇਲਾਜ ਕ੍ਰਿਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਕਰੋਦੀ ਨੇ ਸਥਾਨਕ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਛੋਟਾ ਭਰਾ ਕੁਲਵੰਤ ਸਿੰਘ ਜੋ ਕਿ ਕੰਬਾਇਨ 'ਤੇ ਡਰਾਇਵਰ ਹੈ ਉਹ ਪਿਛਲੇ ਦਿਨੀਂ ਬਿਹਾਰ ਤੋਂ ਕੰਬਾਇਨ ਦਾ ਸੀਜ਼ਨ ਲਗਾ ਕੇ ਜਦੋਂ ਪਿੰਡ ਵਾਪਸ ਆਇਆ ਤਾਂ ਸਿਹਤ ਵਿਭਾਗ ਨੇ ਕੁਝ ਹੋਰ ਵਿਅਕਤੀਆਂ ਨਾਲ ਉਸ ਦੇ ਭਰਾ ਕੁਲਵੰਤ ਸਿੰਘ ਨੂੰ ਵੀ ਸਰਕਾਰੀ ਸਕੂਲ ਵਿਖੇ ਇਕਾਂਤਵਾਸ ਕੀਤਾ ਸੀ। ਜਿਥੋਂ 11 ਮਈ ਦੀ ਰਾਤ ਨੂੰ ਉਸ ਦੇ ਭਰਾ ਕੁਲਵੰਤ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਸਕੂਲ ਵਿਚ ਅਜੈ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਕਰੋਦੀ ਵੱਲੋਂ ਉਸ ਨੂੰ ਗਾਲੀ ਗਲੌਚ ਕਰਨ ਦੇ ਨਾਲ-ਨਾਲ ਧੱਕਾ ਮੁੱਕੀ ਵੀ ਕੀਤੀ ਹੈ। ਪਰ ਜਦੋਂ ਅਸੀ ਸਕੂਲ ਵਿਚ ਗਏ ਤਾਂ ਅਜੈ ਸਿੰਘ ਉਥੋਂ ਫਰਾਰ ਹੋ ਗਿਆ ਸੀ। ਫਿਰ ਮੈਂ ਆਪਣੀ ਪਤਨੀ ਨਾਲ ਜਦੋਂ ਉਕਤ ਦੇ ਘਰ ਉਲਾਂਭਾ ਦੇਣ ਲਈ ਗਿਆ ਤਾਂ ਉਥੇ ਆਪਣੇ ਘਰ ਮੌਜੂਦ ਅਜੈ ਸਿੰਘ ਅਤੇ ਉਸ ਦੇ ਭਰਾ ਲਵਪ੍ਰੀਤ ਸਿੰਘ ਉਰਫ ਲਵਲੀ ਨੇ ਡਾਂਗਾਂ ਮਾਰ ਕੇ ਅਤੇ ਇੱਟਾਂ ਨਾਲ ਮੇਰੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਮੇਰੀ ਪਤਨੀ ਵੱਲੋਂ ਮਦਦ ਲਈ ਰੋਲਾ ਪਾਉਣ 'ਤੇ ਇਹ ਦੋਵੇਂ ਭਰਾ ਇਥੋਂ ਫਰਾਰ ਹੋ ਗਏ। ਫਿਰ ਮੈਨੂੰ ਇਲਾਜ਼ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਨੇ ਕ੍ਰਿਸ਼ਨ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਜੈ ਸਿੰਘ ਅਤੇ ਲਵਪ੍ਰੀਤ ਉਰਫ ਲਵਲੀ ਪੁੱਤਰ ਤਰਸੇਮ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।


author

Harinder Kaur

Content Editor

Related News