ਐੱਨ. ਆਰ. ਆਈ. ਪਤੀ ਤੇ ਸਹੁਰੇ ਪਰਿਵਾਰ ’ਤੇ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਲਾਇਆ ਦੋਸ਼

08/22/2018 12:01:23 AM

ਮੋਗਾ, (ਅਾਜ਼ਾਦ)-ਫਿਰੋਜ਼ਪੁਰ ਜ਼ਿਲੇ ਦੀ ਸਬ-ਡਵੀਜ਼ਨ ਜ਼ੀਰਾ ਨਿਵਾਸੀ ਜੁਗਰਾਜ ਸਿੰਘ ਨੇ ਅਾਸਟਰੇਲੀਆ ਰਹਿੰਦੇ ਬਲਵਿੰਦਰ ਸਿੰਘ ਸਿੱਧੂ ਵੱਲੋਂ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਉਸ ਦੀ ਭਤੀਜੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਇਲਾਵਾ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਦੋਸ਼ ਲਾਇਆ ਹੈ।  ਪੀੜਤਾ ਵੱਲੋਂ ਅਾਸਟਰੇਲੀਆ ਪੁਲਸ ਨੂੰ ਵੀ ਸ਼ਿਕਾਇਤ ਪੱਤਰ ਦੇ ਕੇ ਇਨਸਾਫ ਦੀ  ਅਪੀਲ ਕੀਤੀ  ਗਈ ਹੈ। 
 ਕੀ ਹੈ ਸਾਰਾ ਮਾਮਲਾ
 ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਜੁਗਰਾਜ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਤਲਵੰਡੀ ਰੋਡ ਜ਼ੀਰਾ ਨੇ ਕਿਹਾ ਕਿ ਉਸ ਦੀ ਭਤੀਜੀ ਦਾ ਵਿਆਹ 11 ਜਨਵਰੀ, 2018 ਨੂੰ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਾਸਟਰੇਲੀਆ ਰਹਿੰਦੇ ਬਲਵਿੰਦਰ ਸਿੰਘ ਸਿੱਧੂ ਪੁੱਤਰ ਕਿੱਕਰ ਸਿੰਘ ਨਾਲ ਹੋਇਆ ਸੀ। ਮੇਰੇ ਭਰਾ ਅਤੇ ਭਰਜਾਈ ਦੀ ਮੌਤ ਹੋ ਜਾਣ ਕਾਰਨ ਮੈਂ ਆਪਣੀ ਭਤੀਜੀ ਨੂੰ ਆਪਣੀ ਬੇਟੀ ਦੀ ਤਰ੍ਹਾਂ ਪਾਲਿਆ ਤੇ  ਉਸ  ਦੇ ਵਿਆਹ ’ਤੇ ਕਰੀਬ 40 ਲੱਖ ਰੁਪਏ ਖਰਚ ਕੀਤੇ, ਜਿਸ ’ਚੋਂ 20 ਲੱਖ ਰੁਪਏ ਮੈਂ ਵਿਆਹ ਸਮੇਂ ਲਡ਼ਕੇ ਨੂੰ ਦਿੱਤੇ। ਵਿਆਹ   ਤੋਂ 20 ਦਿਨਾਂ ਬਾਅਦ ਹੀ ਉਸ ਦੀ ਭਤੀਜੀ ਨੂੰ ਉਸ ਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਤੰਗ-ਪ੍ਰੇਸ਼ਾਨ ਕਰਨ ਲੱਗੇ ਕਿ ਜੇਕਰ ਤੂੰ ਅਾਸਟਰੇਲੀਆ ਜਾਣਾ ਹੈ ਤਾਂ ਪੰਜ ਲੱਖ ਰੁਪਏ ਆਪਣੇ ਪੇਕਿਆਂ ਤੋਂ ਲੈ ਕੇ ਆ, ਜਿਸ ’ਤੇ ਅਸੀਂ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ। ਮੈਂ ਕਿਸੇ ਤਰ੍ਹਾਂ ਪੰਜ ਲੱਖ ਰੁਪਏ ਕਥਿਤ ਦੋਸ਼ੀਆਂ ਨੂੰ ਦੇ ਦਿੱਤੇ, ਜਿਸ ’ਤੇ ਉਸ ਦਾ ਪਤੀ ਉਸ ਨੂੰ ਆਪਣੇ ਨਾਲ ਅਾਸਟਰੇਲੀਆ ਲੈ ਗਿਆ ਪਰ ਉੱਥੇ ਵੀ ਉਸ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਇਲਾਵਾ  ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਕਿ ਜਦ ਮੇਰੀ ਭਤੀਜੀ ਅਾਸਟਰੇਲੀਆ ’ਚ ਮੈਰਿਜ ਰਜਿਸਟਰਡ ਕਰਵਾਉਣ ਲਈ ਗਈ ਤਾਂ ਤਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਪਹਿਲਾਂ ਵੀ ਦੋ ਵਿਆਹ ਕਰਵਾ ਚੁੱਕਾ ਹੈ ਅਤੇ ਇਸ ਗੱਲ ਦੀ ਸਾਨੂੰ ਵਿਆਹ ਤੋਂ ਪਹਿਲਾਂ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਸਾਡੇ ਤੋਂ ਛੁਪਾ ਕੇ ਰੱਖਿਆ ਗਿਆ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਡੇ ਨਾਲ ਧੋਖਾ ਵੀ ਕੀਤਾ। ਉਸ ਨੇ ਕਿਹਾ ਕਿ ਅਸੀਂ ਪੰਚਾਇਤ  ਰਾਹੀਂ ਇੰਡੀਆ ਰਹਿੰਦੇ ਲਡ਼ਕੇ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਉਹ ਸਾਡੀ ਲਡ਼ਕੀ ਨੂੰ ਤੰਗ-ਪ੍ਰੇਸ਼ਾਨ ਕਰਨਾ ਛੱਡ ਦੇਵੇ ਪਰ ਉਨ੍ਹਾਂ ਪੰਚਾਇਤੀ ’ਚ ਵੀ  ਸਾਡੀ ਬੇਇਜ਼ਤੀ  ਕੀਤੀ  ਤੇ ਸਾਰਾ ਦਾਜ ਦਾ ਸਾਮਾਨ ਵੀ ਖੁਰਦ-ਬੁਰਦ ਕਰ ਲਿਆ ਅਤੇ ਮੇਰੀ ਭਤੀਜੀ ਨੂੰ ਘਰੋਂ ਕੱਢ ਦਿੱਤਾ ਗਿਆ, ਜਿਸ ’ਤੇ ਮੇਰੀ ਭਤੀਜੀ ਨੇ ਇਸ ਸਬੰਧੀ ਅਾਸਟਰੇਲੀਆ ਪੁਲਸ ਨੂੰ ਸ਼ਿਕਾਇਤ ਪੱਤਰ ਦਿੱਤਾ ਅਤੇ ਮਾਣਯੋਗ ਅਦਾਲਤ ਵਿਚ ਕੇਸ ਦਰਜ ਕਰਵਾ ਦਿੱਤਾ ਕਿਉਂਕਿ ਮੇਰੀ ਭਤੀਜੀ ਪਹਿਲਾਂ ਵੀ ਦੋ ਸਾਲ ਸਟੱਡੀ ਬੇਸ ’ਤੇ ਅਾਸਟਰੇਲੀਆ ਰਹਿ ਕੇ ਆਈ ਹੈ। ਇਸ ਲਈ ਉਸ ਨੂੰ ਕਾਨੂੰਨ ਦੀ ਜਾਣਕਾਰੀ ਹੈ। ਅਾਸਟਰੇਲੀਆ ਦੀ ਮਾਣਯੋਗ ਅਦਾਲਤ ਵੱਲੋਂ ਦੋਵਾਂ ਨੂੰ ਵੱਖ-ਵੱਖ ਰਹਿਣ ਦਾ ਵੀ ਆਦੇਸ਼ ਦਿੱਤਾ ਜਾ ਚੁੱਕਾ ਹੈ। 
ਕੀ ਹੋਈ ਪੁਲਸ ਕਾਰਵਾਈ
 ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਨੋਂ ਧਿਰਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਬੁਲਾਇਆ ਪਰ ਲਡ਼ਕਾ ਅਤੇ ਲਡ਼ਕੀ ਅਾਸਟਰੇਲੀਆ ’ਚ ਰਹਿਣ ਕਾਰਨ ਉਹ ਜਾਂਚ ਵਿਚ ਸ਼ਾਮਲ ਨਹੀਂ ਹੋ ਸਕੇ। ਜਾਂਚ ਅਧਿਕਾਰੀ ਨੇ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਆਪਣੀ ਰਿਪੋਰਟ ਜ਼ਿਲਾ ਮੋਗਾ ਨੂੰ ਭੇਜੀ, ਜਿਨ੍ਹਾਂ ਨੇ ਲਖਵੀਰ ਸਿੰਘ ਡਿਪਟੀ ਜ਼ਿਲਾ ਅਟਾਰਨੀ ਲੀਗਲ ਤੋਂ ਕਾਨੂੰਨੀ ਰਾਏ ਹਾਸਲ ਕਰਨ ਦੇ ਬਾਅਦ ਥਾਣਾ ਫਤਿਹਗਡ਼੍ਹ ਪੰਜਤੂਰ ਵਿਚ ਅਾਸਟਰੇਲੀਆ ਰਹਿੰਦੇ ਲਡ਼ਕੀ ਦੇ ਪਤੀ ਬਲਵਿੰਦਰ ਸਿੰਘ ਦੇ ਇਲਾਵਾ ਸਹੁਰਾ ਕਿੱਕਰ ਸਿੰਘ, ਸੱਸ ਸ਼ਰਨ ਕੌਰ ਅਤੇ ਦਿਓਰ ਉੱਤਮਵੀਰ ਸਿੰਘ ਸਾਰੇ ਨਿਵਾਸੀ ਪਿੰਡ ਮੁੰਡੀ ਜਮਾਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਫਤਿਹਗਡ਼੍ਹ ਪੰਜਤੁੂਰ ਵੱਲੋਂ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News