ਕਾਰਗਿਲ ਦੀ ਜੰਗ ’ਚ ਲਡ਼ਨ ਵਾਲਾ ਫੌਜੀ ਇਨਸਾਫ ਲੈਣ ਲਈ ਖਾ ਰਿਹੈ ਦਰ-ਦਰ ਦੀਆਂ ਠੋਕਰਾਂ
Sunday, Jul 22, 2018 - 08:26 AM (IST)

ਮੋਗਾ (ਗੋਪੀ ਰਾਊਕੇ, ਆਜ਼ਾਦ) - ਇਕ ਪਾਸੇ ਜਿਥੇ ਦੇਸ਼ ਲਈ ਲਡ਼ਨ ਵਾਲੇ ਫੌਜੀ ਜਵਾਨਾਂ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਬਣਦਾ ਮਾਨ ਸਨਮਾਨ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਜਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੀ ਪੂਰੀ ਤਰ੍ਹਾਂ ਨਾਲ ਪੋਲ ਖੋਲਦੀ ਪ੍ਰਤੀਤ ਹੋ ਰਹੀ ਹੈ। ਤਾਜਾ ਮਾਮਲਾ ਮੋਗਾ ਜ਼ਿਲੇ ਦੇ ਪਿੰਡ ਤਖਾਣਵੱਧ ਹੈ, ਜਿਥੋਂ ਦਾ ਇਕ ਫੌਜੀ ਕੈਪਟਨ ਆਪਣੀ ਘਰੇਲੂ ਖੇਤ ਦੀ ਲਡ਼ਾਈ ਦੇ ਮਾਮਲੇ ’ਚ ਇਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਬੰਧੀ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਪੁਲਸ ਪ੍ਰਸ਼ਾਸਨ ਨੇ ਕੋਈ ਠੋਸ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਅਤੇ ਹੁਣ ਤਾਂ ਪੀਡ਼ਤ ਨੂੰ ਖੇਤਾਂ ’ਚ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਕੇ ਜ਼ਖਮੀ ਵੀ ਕਰ ਦਿੱਤਾ ਹੈ ਪਰ ਫਿਰ ਵੀ ਲਡ਼ਾਈ ਦੇ ਦੋ ਦਿਨ ਬੀਤ ਜਾਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਹੋ ਸਕੀ, ਇਥੇ ਸਿਵਲ ਜੇਰੇ ਇਲਾਜ ਪੀਡ਼ਤ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਉਹ ਫੌਜ ’ਚੋਂ ਕੈਪਟਨ ਰਿਟਾਇਰਡ ਹੋਇਆ ਹੈ ਅਤੇ ਉਸਨੇ ਕਾਰਗਿੱਲ ਦੀ ਜੰਗ ਦੌਰਾਨ ਵੀ ਦੇਸ਼ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪਹਿਲਾਂ ਵੀ ਮੁੱਖ ਮੰਤਰੀ ਦੇ ਓ. ਐੱਸ. ਡੀ. ਤੋਂ ਲੈ ਕੇ ਥਾਣਾ ਮੁਖੀ ਪੱਧਰ ਤੱਕ ਦੇ ਅਧਿਕਾਰੀਆਂ ਤੱਕ ਹਰ ਕਿਸੇ ਕੋਲ ਉਸਨੇ ਆਪਣੀ ਫਰਿਆਦ ਸੁਣਾਈ ਪਰ ਕਿੱਧਰੇ ਵੀ ਉਸਨੂੰ ਸਿਵਾਏ ਲਾਰੇ ਲੱਪੇ ਤੋਂ ਕੁਝ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਉਸਦੀ ਖੇਤੀ ਮੋਟਰ ’ਤੇ ਵੀ ਕਬਜਾ ਕੀਤਾ ਹੋਇਆ ਹੈ, ਜਿਸਨੂੰ ਉਹ ਛੁਡ਼ਾਉਣ ਲਈ ਰੋਜਾਨਾਂ ਹੀ ਇਸ ਆਸ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਰਵਾਜਾ ਖਡ਼ਕਾਉਂਦਾ ਹੈ ਕਿ ਸ਼ਾਇਦ ਕੋਈ ਉਸ ਵੱਲੋਂ ਦੇਸ਼ ਦੀ ਰੱਖਿਆ ਲਈ ਕੀਤੇ ਕੰਮ ਦੀ ਕਦਰ ਪਾ ਕੇ ਹੀ ਉਸਨੂੰ ਜਰੂਰ ਇਨਸਾਫ ਮੁਹੱਈਆ ਕਰਵਾਉਣ ਦੀ ਕਾਰਵਾਈ ਸ਼ੁਰੂ ਕਰੇਗਾ ਪਰ ਕਿਸੇ ਪਾਸਿਓ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਉਸਨੇ ਆਪ ਹੀ ਪਹਿਲਾਂ ਮੋਟਰ ਇਸਤੇਮਾਲ ਕਰਨ ਲਈ ਦਿੱਤੀ ਸੀ ਪਰ ਜਦੋਂ ਵਾਪਸ ਮੰਗੀ ਤਾਂ ਉਸ ਨਾਲ ਰੰਜਿਸ਼ ਰਖਣੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਉਹ ਦੂਜੀ ਧਿਰ ਕੋਲੋਂ ਕਨੂੰਨੀ ਤੌਰ ’ਤੇ ਆਪਣਾ ਹੱਕ ਮੰਗਣਾ ਚਾਹੁੰਦਾ ਹੈ ਪਰ ਕੋਈ ਅਧਿਕਾਰੀ ਗੱਲ ਸੁਨਣ ਨੂੰ ਵੀ ਤਿਆਰ ਨਹੀਂ। ਉਨ੍ਹਾਂ ਕਿਹਾ ਕਿ 21 ਮਾਰਚ 2018 ਨੂੰ ਵੀ ਉਨ੍ਹਾਂ ਥਾਣਾ ਅਜੀਤਵਾਲ ਵਿਖੇ ਮਾਮਲੇ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ 15 ਮਈ 2018 ਨੂੰ ਜ਼ਿਲਾ ਪੁਲਸ ਮੁਖੀ ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਪਰ ਫਿਰ ਵੀ ਹਕੀਕਤ ’ਚ ਕੁਝ ਨਹੀਂ ਹੋ ਸੱਕਿਆ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਖੇਤਾਂ ’ਚ ਹਰਾ ਚਾਰਾ ਲੈਣ ਲਈ ਜਾ ਰਿਹਾ ਸੀ ਤਾਂ ਮੇਰੇ ਭਾਈ ਭਤੀਜੇ ਅਤੇ ਹੋਰ ਵਿਅਕਤੀਆਂ ਨੇ ਮੈਨੂੰ ਰੋਕ ਕੇ ਜਬਰਦਸਤ ਕੁੱਟ-ਮਾਰ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਕੇ ਉਸਨੂੰ ਇਨਸਾਫ ਦਵਾਇਆ ਜਾਵੇ। ਦੂਜੇ ਪਾਸੇ ਸਿਵਲ ਹਸਪਤਾਲ ਮੋਗਾ ਦੇ ਅਮਲੇ ਫੈਲੇ ਨੇ ਇਸ ਮਾਮਲੇ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ ਤਾਂ ਜੋ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।