ਰੋੜਾਂਵਾਲੀ ਵਿਖੇ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਝੜਪ, ਜਨਾਨੀ ਸਣੇ 6 ਲੋਕ ਹੋਏ ਜ਼ਖ਼ਮੀ
Saturday, Sep 24, 2022 - 03:55 PM (IST)

ਲੰਬੀ (ਜੁਨੇਜਾ) - ਲੰਬੀ ਦੇ ਪਿੰਡ ਰੋੜਾਂਵਾਲੀ ਵਿਖੇ ਦੋ ਧਿਰਾਂ ’ਚ ਖੂਨੀ ਟਕਰਾਅ ਹੋਣ ਦੀ ਸੂਚਨਾ ਮਿਲੀ ਹੈ। ਇਸ ਟਕਰਾਅ ਦੌਰਾਨ ਇਕ ਜਨਾਨੀ ਸਮੇਤ 6 ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਪਹਿਲਾਂ ਲੰਬੀ ਅਤੇ ਫਿਰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਦੋਵੇਂ ਧਿਰਾਂ ਆਪਸ ਵਿਚ ਨਜ਼ਦੀਕੀ ਰਿਸ਼ਤੇਦਾਰ ਹਨ। ਗੁਰਪ੍ਰੀਤ ਸਿੰਘ ਅਤੇ ਰੁਪਿੰਦਰ ਸਿੰਘ ਦੇ ਚਾਚੇ ਸਵਰਨ ਸਿੰਘ ਦੀਆਂ ਦੋ ਕੁੜੀਆਂ ਤਜਿੰਦਰ ਕੌਰ ਅਤੇ ਸੁਖਦੀਪ ਕੌਰ ਸੁਰਜੀਤ ਸਿੰਘ ਵਾਸੀ ਰੱਤੋਕੇ ਫਿਰੋਜ਼ਪੁਰ ਅਤੇ ਬਲਰਾਜ ਸਿੰਘ ਵਾਸੀ ਡੰਡੀ ਕਲਾਂ ਨਾਲ ਵਿਆਹੀਆਂ ਹਨ। ਪਤਨੀ ਦਾ ਸਕਾ ਭਰਾ ਨਾ ਹੋਣ ਕਰਕੇ ਸੁਰਜੀਤ ਸਿੰਘ ਆਪਣੇ ਸਹੁਰੇ ਦੀ ਜ਼ਮੀਨ ਦੀ ਦੇਖਭਾਲ ਲਈ ਰੋੜਾਂਵਾਲੀ ਵਿਖੇ ਰਹਿੰਦਾ ਹੈ। ਸੁਰਜੀਤ ਸਿੰਘ ਦੀ ਆਪਣੇ ਰਿਸ਼ਤੇ ਵਿੱਚ ਲੱਗਦੇ ਸਾਲਿਆਂ ਨਾਲ ਬਣਦੀ ਨਹੀਂ ਸੀ। ਇਸ ਦੇ ਚਲਦਿਆਂ ਦੋਵਾਂ ਧਿਰਾਂ ਵਿਚ ਖੂਨੀ ਟਕਰਾਅ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ : ਨਰਾਤਿਆਂ ’ਚ ਵਰਤ ਰੱਖਣ ਵਾਲੇ ਯਾਤਰੀ ਬੇਝਿਜਕ ਕਰਨ ਸਫ਼ਰ, ਭਾਰਤੀ ਰੇਲਵੇ ਦੇਵੇਗਾ ਖ਼ਾਸ ਸਹੂਲਤ
ਇਸ ਸਬੰਧੀ ਜ਼ਖ਼ਮੀ ਬੇਅੰਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਰੋੜਾਂਵਲੀ ਨੇ ਦੱਸਿਆ ਕਿ ਸੁਰਜੀਤ ਸਿੰਘ ਨੇ ਰਾਤ ਦੇ ਸਮੇਂ ਆਪਣੇ ਰਿਸ਼ਤੇਦਾਰਾਂ ਨਾਲ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਇਆ ਅਤੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ, ਉਸਦਾ ਪਤੀ ਅਤੇ ਦਿਓਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਧਰ ਰਣਜੀਤ ਸਿੰਘ ਪੁੱਤਰ ਸੁਖਚੈਣ ਸਿੰਘ ਵਾਸੀ ਡੰਡੀ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਬਲਰਾਜ ਸਿੰਘ ਦੇ ਮੁੰਡੇ ਦਾ ਜਨਮ ਦਿਨ ਮਨਾਉਣ ਲਈ ਇਥੇ ਆਇਆ ਸੀ। ਇਸ ਦੌਰਾਨ ਗੁਰਪ੍ਰੀਤ ਸਿੰਘ ਵਗੈਰਹਾ ਨੇ ਉਨ੍ਹਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਥਾਣੇਦਾਰ ਬਲਰਾਜ ਸਿੰਘ ਕਰ ਰਹੇ ਹਨ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ : ISI ਨਾਲ ਸਬੰਧਿਤ 3 ਅੱਤਵਾਦੀ ਹਥਿਆਰਾਂ ਸਣੇ ਗ੍ਰਿਫ਼ਤਾਰ