ਕਾਲੀ ਮਾਤਾ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਫਿਰ ਲਡ਼ਾਈ
Sunday, Jun 24, 2018 - 03:18 AM (IST)
ਬਠਿੰਡਾ(ਬਲਵਿੰਦਰ)-ਹੋਰ ਵੱਡੇ ਅਹੁਦਿਆਂ ਨੂੰ ਲੈ ਕੇ ਲਡ਼ਾਈਆਂ ਹੋਣਾ ਭਾਰਤ ਦਾ ਇਤਿਹਾਸ ਹੈ, ਪਰ ਹੁਣ ਹਾਲ ਇਹ ਹੋ ਗਏ ਹਨ ਕਿ ਧਾਰਮਕ ਸਥਾਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਲਡ਼ਾਈਆਂ ਹੋਣ ਲੱਗੀਆਂ ਹਨ। ਜਿਵੇਂ ਕਿ ਮਾਨਸਾ ਰੋਡ ’ਤੇ ਸਥਿਤ ਸ੍ਰੀ ਕਾਲੀ ਮਾਤਾ ਮੰਦਰ ਅਕਸਰ ਲਡ਼ਾਈ ਦਾ ਮੈਦਾਨ ਬਣਿਆ ਰਹਿੰਦਾ ਹੈ। ਅੱਜ ਫਿਰ ਸਾਬਕਾ ਪੁਜਾਰੀ ਤੇ ਮੰਦਰ ਕਮੇਟੀ ਦੇ ਸਕੱਤਰ ਵਿਚਕਾਰ ਖੂਨੀ ਝਡ਼ਪ ਹੋ ਗਈ। ਦੋਵੇਂ ਧਿਰਾਂ ਜ਼ਖਮੀ ਹੋ ਕੇ ਹਸਪਤਾਲ ’ਚ ਦਾਖਲ ਹਨ।
ਕੀ ਕਹਿਣੈ ਸਕੱਤਰ ਦਾ
ਸ੍ਰੀ ਕਾਲੀ ਮਾਤਾ ਮੰਦਰ ਕਮੇਟੀ ਦੇ ਸਕੱਤਰ ਸੰਦੀਪ ਪਾਠਕ ਦਾ ਕਹਿਣਾ ਹੈ ਕਿ ਅੱਜ ਸਵੇਰੇ ਸਾਬਕਾ ਪੁਜਾਰੀ ਦਾ ਪਰਿਵਾਰ ਪ੍ਰਮੋਦ ਕੌਸ਼ਲ, ਵਿਸ਼ਵਨਾਥ ਤੇ ਹੋਰਨਾਂ ਨੇ ਮੰਦਰ ’ਚ ਲੱਗੇ ਬੈਨਰ ਆਦਿ ਫਾਡ਼੍ਹ ਦਿੱਤੇ। ਇਸ ਬਾਰੇ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਦੋਂ ਤੱਕ ਉਹ ਖੁਦ ਉਥੇ ਪਹੁੰਚਿਆ ਤਾਂ ਪੁਲਸ ਮੌਕਾ ਦੇਖ ਕੇ ਵਾਪਸ ਵੀ ਪਰਤ ਚੁੱਕੀ ਸੀ। ਉਸਨੇ ਮੰਦਰ ਦੀ ਵੀਡੀਓ ਬਣਾਉਣੀ ਚਾਹੀ ਤਾਂ ਪ੍ਰਮੋਦ ਕੌਸ਼ਲ ਤੇ ਸਾਥੀਆਂ ਨੇ ਨਾ ਸਿਰਫ ਉਸਦੀ ਕਾਰ ਦੀ ਭੰਨ-ਤੋਡ਼ ਕੀਤੀ, ਬਲਕਿ ਉਸਦੀ ਵੀ ਕੁੱਟ-ਮਾਰ ਕਰ ਦਿੱਤੀ। ਬਡ਼ੀ ਮੁਸ਼ਕਿਲ ਨਾਲ ਉਸਨੇ ਭੱਜ ਕੇ ਜਾਨ ਬਚਾਈ ਤੇ ਉਸਨੂੰ ਹਸਪਤਾਲ ਵਿਚ ਦਾਖਲ ਹੋਣਾ ਪਿਆ।
ਕੀ ਕਹਿਣੈ ਪੁਜਾਰੀ ਦਾ
ਪ੍ਰਮੋਦ ਕੌਸ਼ਲ ਦਾ ਕਹਿਣਾ ਹੈ ਕਿ ਕਰੀਬ 2 ਵਜੇ ਸੰਦੀਪ ਪਾਠਕ ਤੇ ਸਾਥੀਆਂ ਨੇ ਆ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਅੌਰਤਾਂ ਨੇ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਕੁੱਟ-ਮਾਰ ਕੀਤੀ ਗਈ। ਉਹ ਵੀ ਹਸਪਤਾਲ ’ਚ ਦਾਖਲ ਹਨ।
ਮੁਕੱਦਮਾ ਦਰਜ ਕੀਤਾ ਜਾਵੇਗਾ : ਡੀ. ਐੱਸ. ਪੀ.
ਜਾਂਚ ਕਰ ਰਹੇ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਗੰਭੀਰ ਬਣ ਚੁੱਕਾ ਹੈ।
ਡੂੰਘਾਈ ਨਾਲ ਪਡ਼ਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮੁਲਜ਼ਮ ਧਿਰ ’ਤੇ ਮੁਕੱਦਮਾ ਦਰਜ ਕੀਤਾ ਜਾਵੇਗਾ। ਕਿਉਂਕਿ ਇਸ ਮਸਲੇ ਹੱਲ ਖਾਤਰ ਸਖ਼ਤੀ ਕਰਨਾ ਜ਼ਰੂਰੀ ਹੋ ਗਿਆ ਹੈ। ਸੰਦੀਪ ਪਾਠਕ ਵੱਲੋਂ ਥਾਣਾ ਮੁਖੀ ’ਤੇ ਲਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਸ ਅਧਿਕਾਰੀ ਪੱਖਪਾਤ ਨਹੀਂ ਕਰਦਾ ਹੈ ਤਾਂ ਉਸ ’ਤੇ ਇਸ ਤਰ੍ਹਾਂ ਦੋਸ਼ ਲੱਗਦੇ ਹੀ ਹਨ।