ਲੋਹੜੀ ਦੇ ਮੱਦੇਨਜ਼ਰ ਸਜੇ ਬਾਜ਼ਾਰ
Saturday, Jan 13, 2018 - 11:16 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਲੋਹੜੀ ਕਰਕੇ ਬਾਜ਼ਾਰਾਂ 'ਚ ਰੌਣਕ ਵਧਣੀ ਸ਼ੁਰੂ ਹੋ ਗਈ ਹੈ। ਥਾਂ-ਥਾਂ ਮੂੰਗਫਲੀ, ਰਿਓੜੀਆਂ, ਗੱਚਕ ਆਦਿ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੀ ਲੋਕ ਰੱਜ ਕੇ ਖਰੀਦਦਾਰੀ ਕਰ ਰਹੇ ਹਨ। ਬਾਜ਼ਾਰਾਂ ਵਿਚ ਵਿਕਣ ਵਾਲੀ ਮੂੰਗਫਲੀ, ਗੱਚਕ, ਤਿਲ, ਗੁੜ, ਰਿਓੜੀਆਂ ਦੇ ਰੇਟ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਥੋੜ੍ਹੇ ਵਧ ਗਏ ਹਨ ਪਰ ਇਸ ਦੇ ਬਾਵਜੂਦ ਖਰੀਦਦਾਰੀ ਵਿਚ ਕੋਈ ਕਮੀ ਨਹੀਂ ਆਈ। ਸ਼ਹਿਰ 'ਚ ਵੱਖ-ਵੱਖ ਸੁਸਾਇਟੀਆਂ ਵਿਚ ਲੋਹੜੀ ਮਨਾਉਣ ਲਈ ਸਪੈਸ਼ਲ ਪਲਾਨ ਕੀਤੇ ਜਾ ਰਹੇ ਹਨ।
ਇਨ੍ਹੀਂ ਦਿਨੀਂ ਤਿਲਾਂ ਦੀ ਖੁਸ਼ਬੂ ਗਾਹਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਸ਼ਹਿਰ 'ਚ ਹਰ ਚੌਕ-ਚੌਰਾਹੇ 'ਤੇ ਤਿਲਕੁਟ ਬਣਾਇਆ ਜਾ ਰਿਹਾ ਹੈ। ਵਰ੍ਹੇ ਦੇ ਇਸ ਪਹਿਲੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵੇਂ ਵਿਆਹੇ ਜੋੜਿਆਂ ਤੇ ਨਵਜੰਮੇ ਬੱਚਿਆਂ ਲਈ ਇਸ ਦਿਨ ਦਾ ਮਹੱਤਵ ਵੱਖਰਾ ਹੈ। ਜਿਸ ਗਲੀ ਜਾਂ ਮੁਹੱਲੇ 'ਚ ਕਿਸੇ ਨਵੇਂ ਵਿਆਹੇ ਜੋੜੇ ਦੀ ਪਹਿਲੀ ਲੋਹੜੀ ਹੁੰਦੀ ਹੈ, ਉਥੇ ਤਾਂ ਇਸ ਤਿਉਹਾਰ ਦਾ ਰੰਗ ਹੀ ਵੱਖਰਾ ਦਿਖਾਈ ਦਿੰਦਾ ਹੈ। ਪੂਰਾ ਮੁਹੱਲਾ ਇਕੱਠਾ ਹੋ ਕੇ ਲੋਹੜੀ ਦਾ ਜਸ਼ਨ ਮਨਾਉਂਦਾ ਹੈ। ਡੀ. ਜੇ. ਦਾ ਪ੍ਰਬੰਧ ਕਰ ਕੇ ਭੰਗੜਾ ਪਾਇਆ ਜਾਂਦਾ ਹੈ।
ਹੁਣ ਤੱਕ ਲੜਕੇ ਦੇ ਜਨਮ ਤੇ ਲੜਕੇ ਦੇ ਵਿਆਹ ਦੇ ਪਹਿਲੇ ਸਾਲ ਲੋਹੜੀ ਮਨਾਉਣ ਦਾ ਲੋਕਾਂ ਦਾ ਨਜ਼ਰੀਆ ਸਮੇਂ ਦੇ ਨਾਲ-ਨਾਲ ਬਦਲ ਰਿਹਾ ਹੈ। ਹੁਣ ਬੇਟੀ ਦੇ ਜਨਮ 'ਤੇ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਆਸਥਾ ਕਾਲੋਨੀ ਦੇ ਵਾਸੀ ਦਵਿੰਦਰ ਚੱਢਾ, ਜਿਨ੍ਹਾਂ ਦੇ ਘਰ ਪਹਿਲੀ ਪੋਤੀ ਹੋਈ ਹੈ, ਵੱਲੋਂ ਲੋਕਾਂ ਨੂੰ ਪੋਤੀ ਦੀ ਲੋਹੜੀ ਦੀ ਮਠਿਆਈ ਵੀ ਵੰਡੀ ਗਈ ਤੇ ਲੋਹੜੀ ਨੂੰ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ।
ਢੋਲ ਦੀ ਥਾਪ 'ਤੇ ਪਵੇਗਾ ਗਿੱਧਾ ਤੇ ਭੰਗੜਾ
ਇਸ ਤਿਉਹਾਰ ਮੌਕੇ ਲੋਕ ਢੋਲ ਦੀ ਥਾਪ 'ਤੇ ਗਿੱਧਾ ਤੇ ਭੰਗੜਾ ਪਾਉਂਦੇ ਹਨ। ਗ੍ਰੀਨ ਐਵੀਨਿਊ ਦੇ ਵਾਸੀ ਪ੍ਰਿੰ. ਰਾਕੇਸ਼ ਜਿੰਦਲ ਨੇ ਦੱਸਿਆ ਕਿ ਲੋਹੜੀ ਤੋਂ 10-12 ਦਿਨ ਪਹਿਲਾਂ ਵੀ ਬੱਚੇ ਲੋਹੜੀ ਦੇ ਲੋਕ ਗੀਤ ਗਾ ਕੇ ਦਾਣੇ, ਲੱਕੜ ਤੇ ਪਾਥੀਆਂ ਇਕੱਠੀਆਂ ਕਰਦੇ ਹਨ ਤੇ ਇਸ ਸਮੱਗਰੀ ਨੂੰ ਚੌਰਾਹੇ ਜਾਂ ਮੁਹੱਲੇ ਦੀ ਕਿਸੇ ਖੁੱਲ੍ਹੀ ਥਾਂ 'ਤੇ ਅੱਗ ਲਾਈ ਜਾਂਦੀ ਹੈ ਤੇ ਰਿਓੜੀਆਂ ਤੇ ਮੂੰਗਫਲੀ ਅਗਨ ਭੇਟ ਕੀਤੀ ਜਾਂਦੀ ਹੈ।
ਨਾਲ ਹੀ ਇਹ ਚੀਜ਼ਾਂ ਪ੍ਰਸ਼ਾਦ ਵਜੋਂ ਵੀ ਸਭ ਨੂੰ ਵੰਡੀਆਂ ਜਾਂਦੀਆਂ ਹਨ। ਗੌਤਮ ਗੋਇਲ ਨੇ ਦੱਸਿਆ ਕਿ ਇਸ ਦਿਨ ਸਭ ਮਿਲ ਕੇ ਗਿੱਧਾ ਤੇ ਭੰਗੜਾ ਪਾਉਂਦੇ ਹਨ। ਰੀਤਿਕਾ ਚੌਧਰੀ ਨੇ ਦੱਸਿਆ ਕਿ ਲੋਹੜੀ ਨੂੰ ਰਵਾਇਤੀ ਤੌਰ 'ਤੇ ਹਾੜ੍ਹੀ ਦੀ ਫਸਲ ਨਾਲ ਜੋੜਿਆ ਜਾਂਦਾ ਹੈ।