ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਪਿੰਡ ਦੇ ਕਿਸਾਨ, ਟਰਾਲੀਆਂ ’ਚ ਭਰ ਛੱਡੇ ਡੀ.ਸੀ ਦਫਤਰ
Monday, Jan 20, 2020 - 10:16 AM (IST)

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਦੇ ਕਿਸਾਨ ਸੜਕਾਂ ’ਤੇ ਫਿਰ ਰਹੇ ਆਵਾਰਾ ਪਸ਼ੂਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ। ਇਸੇ ਪਰੇਸ਼ਾਨੀ ਦੇ ਸਦਕਾ ਸਾਰੇ ਕਿਸਾਨਾਂ ਨੇ ਉਕਤ ਪਸ਼ੂਆਂ ਨੂੰ ਟਰਾਲੀਆਂ ’ਚ ਭਰ ਕੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਛੱਡ ਦਿੱਤਾ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨਂ ਨੇ ਦੱਸਿਆ ਕਿ ਸੜਕਾਂ ’ਤੇ ਫਿਰ ਰਹੇ ਲਾਵਾਰਸ ਪਸ਼ੂ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ। ਦੂਜੇ ਪਾਸੇ ਸਰਕਾਰ ਜਨਤਾ ਤੋਂ ਗਊ ਸੈਂਸ ਦੇ ਨਾਂ ’ਤੇ ਵੱਡੀ ਗਿਣਤੀ ’ਚ ਟੈਕਸ ਵਸੂਲ ਕਰ ਰਹੀ ਹੈ ਪਰ ਉਕਤ ਪਸ਼ੂਆਂ ਨੂੰ ਸੰਭਾਲਣ ਦੇ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਇਨ੍ਹਾਂ ਪਸ਼ੂਆਂ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਵਾਰਾ ਪਸ਼ੂ ਸਾਡੇ ਪਿੰਡ ਦੀ 2200 ਏਕੜ ਤੋਂ ਫਸਲ ਤੋਂ 300 ਏਕੜ ਫਸਲ ਖਰਾਬ ਕਰ ਚੁੱਕੇ ਹਨ। ਝੁੰਡਾਂ ਦੇ ਝੁੰਡ ਬਣਾ ਕੇ ਪਸ਼ੂ ਕਿਸਾਨਾਂ ਦੇ ਖੇਤਾਂ ’ਚ ਦਾਖਲ ਹੋ ਕੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਵੱਡੇ ਪੱਧਰ ’ਤੇ ਬਰਬਾਦ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਖੇਤਾਂ ਦੀ ਰਾਖੀ ਲਈ ਪੈ ਰਹੀ ਅੱਤ ਦੀ ਸਰਦੀ ’ਚ ਰਾਤਾਂ ਵੀ ਗੁਜ਼ਾਰਨੀਆਂ ਪੈਂਦੀਆਂ ਹਨ, ਜਿਸ ਕਾਰਨ ਉਨ੍ਹਾਂ ਪਸ਼ੂਆਂ ਨੂੰ ਟਰਾਲੀ ’ਚ ਲੱਦ ਕੇ ਡੀ.ਸੀ. ਦਫਤਰ ਛੱਡ ਦਿੱਤਾ।