ਸਿੱਧੂ ਦੇ ਘੜਿਆਲ ਜਾਣਗੇ ਪਾਕਿਸਤਾਨ, ਇਮਰਾਨ ਦੀਆਂ ਇੰਡਸ ਡਾਲਫਿਨ ਆਉਣਗੀਆਂ ਭਾਰਤ
Saturday, Feb 02, 2019 - 03:41 PM (IST)

ਫਿਰੋਜ਼ਪੁਰ (ਮਲਹੋਤਰਾ) : ਹਰੀਕੇ ਵੈਟਲੈਂਡ ਨੂੰ ਵਰਲਡ ਕਲਾਸ ਬਣਾਉਣ ਲਈ ਸ਼ਨੀਵਾਰ ਨੂੰ ਰਾਜ ਦੇ ਸੈਰ ਸਪਾਟਾ ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ 150 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਛੱਤਬੀੜ ਦੇ ਘੜਿਆਲ ਪਾਕਿਸਤਾਨ ਨੂੰ ਐਕਸਪੋਰਟ ਕਰੇਗੀ ਤੇ ਪਾਕਿਸਤਾਨ ਤੋਂ ਇੰਡਸ ਡਾਲਫਿਨ ਮੱਛੀਆਂ ਲਿਆ ਕੇ ਹਰੀਕੇ ਪੱਤਣ 'ਚ ਛੱਡੀਆਂ ਜਾਣਗੀਆਂ ਤਾਂ ਜੋ ਇਹ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਸਕੇ। ਸਿੱਧੂ ਵਿਸ਼ਵ ਜਲਗਾਹਾਂ ਦਿਵਸ ਮੌਕੇ ਹਰੀਕੇ ਪੱਤਣ ਵੈਟਲੈਂਡ ਦਾ ਜਾਇਜ਼ਾ ਲੈਣ ਆਏ ਸਨ।
ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਵਲੋਂ ਇਸ ਪੱਤਣ 'ਤੇ 9 ਕਰੋੜ ਰੁਪਏ ਦੀ ਲਾਗਤ ਨਾਲ ਚਲਾਈ ਗਈ ਪਾਣੀ ਵਾਲੀ ਬੱਸ, ਜਿਸ ਨੂੰ ਬਾਦਲਾਂ ਦਾ ਘੜੁੱਕਾ ਵੀ ਕਿਹਾ ਜਾਂਦਾ ਹੈ, ਨੂੰ ਬੰਦ ਕਰਵਾਉਣ ਮੌਕੇ ਸਿੱਧੂ ਨੇ ਜੂਨ 2017 ਵਿਚ ਹਰੀਕੇ ਵੈਟਲੈਂਡ ਨੂੰ ਵਰਲਡ ਕਲਾਸ ਵੈਟਲੈਂਡ ਬਣਾਉਣ ਦਾ ਵਾਅਦਾ ਕੀਤਾ ਸੀ, ਇਹੀ ਘੋਸ਼ਣਾ ਕਰਨ ਉਹ ਅੱਜ ਇੱਥੇ ਪਹੁੰਚੇ। ਸਿੱਧੂ ਨੇ ਕਿਹਾ ਕਿ ਇਸ ਪੱਤਣ 'ਤੇ ਹਰ ਸਾਲ ਕਰੀਬ ਸਵਾ ਲੱਖ ਪੰਛੀ ਆਉਂਦੇ ਹਨ ਪਰ ਵਰਲਡ ਲੇਵਲ 'ਤੇ ਇਸ ਜਲਗਾਹ 'ਤੇ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ। ਸਿੱਧੂ ਨੇ ਕਿਹਾ ਕਿ ਉਹ ਜੋ ਵਾਅਦਾ ਕਰਦੇ ਹਨ, ਉਸ ਨੂੰ ਹਰ ਹਾਲ 'ਚ ਪੂਰਾ ਕਰਣਗੇ।
ਸਮਾਗਮ ਨੂੰ ਸੰਬੋਧਤ ਕਰਦਿਆਂ ਸਿੱਧੂ ਨੇ ਕਿਹਾ ਕਿ ਤਿੰਨ ਸਾਲ 'ਚ ਇਸ ਜਲਗਾਹ ਦਾ ਵਿਕਾਸ ਮੁਕੰਮਲ ਹੋ ਜਾਵੇਗਾ ਤੇ ਇਹ ਸਿਰਫ ਪੰਜਾਬ ਹੀ ਨਹੀਂ ਸਗੋਂ ਭਾਰਤ ਦੀ ਸਭ ਤੋਂ ਵਧੀਆ ਜਲਗਾਹ ਬਣੇਗੀ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲ 'ਚ ਰਾਜ 'ਚ ਸੈਰ ਸਪਾਟੇ ਨੂੰ ਉਤਸ਼ਾਹ ਦੇਣ ਲਈ ਓਨਾਂ ਕੰਮ ਨਹੀਂ ਹੋਇਆ, ਜਿੰਨਾ ਉਨ੍ਹਾਂ ਨੇ ਪੰਜ ਸਾਲ 'ਚ ਕਰਵਾਉਣ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਪੱਤਣ ਏਰੀਆ 'ਚ ਨਾਜਾਇਜ਼ ਕਬਜ਼ਿਆਂ ਨੁੰ ਛੁਡਾਇਆ ਜਾਵੇਗਾ ਤੇ ਪ੍ਰਮੁੱਖ 16 ਪੁਆਇੰਟਾਂ ਦਾ ਡਰੋਨ ਨਾਲ ਸਰਵੇ ਕੀਤਾ ਜਾਵੇਗਾ, ਸਰਕੰਡਾ ਤੇ ਕਲਾਲਬੂਟੀ ਹਟਾਏ ਜਾਣਗੇ। ਪਾਣੀ ਦੀ ਸਫਾਈ ਲਈ ਸੀਵਰੇਜ ਟਰੀਟਮੈਂਟ ਪਲਾਂਟ ਲੱਗਣਗੇ। ਉਨ੍ਹਾਂ ਕਿਹਾ ਕਿ ਪੱਤਣ 'ਚ ਪਲਣ ਵਾਲੀ ਕੈਟਫਿਸ਼, ਜੋ ਪੰਛੀਆਂ ਦਾ ਸ਼ਿਕਾਰ ਕਰਦੀ ਹੈ, ਨੂੰ ਅਲੱਗ ਕਰਕੇ ਇੱਥੇ ਡਾਲਫਿਨ ਮੱਛੀਆਂ ਛੱਡੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਰੋਪੜ ਜਲਗਾਹ ਦੀ ਅੱਠ ਏਕੜ ਜ਼ਮੀਨ 'ਤੇ ਵਾਟਰ ਬੋਟਸ ਸ਼ੁਰੂ ਕਰਨ ਦੀ ਯੋਜਨਾ ਹੈ।
ਉਨ੍ਹਾਂ ਕਿਹਾ ਕਿ ਵੈਟਲੈਂਡ ਦਾ ਵਿਕਾਸ ਕਰਨ ਤੋਂ ਬਾਅਦ ਇੱਥੇ ਕਸ਼ਮੀਰ ਦੀ ਡੱਲ ਝੀਲ ਵਾਂਗ ਸ਼ਿਕਾਰੇ ਚਲਾਏ ਜਾਣਗੇ। ਇੱਥੇ ਸ਼ੋਰ ਸ਼ਰਾਬਾ ਬਿਲਕੁਲ ਖਤਮ ਕੀਤਾ ਜਾਵੇਗਾ ਤਾਂ ਕਿ ਪੰਛੀਆਂ ਨੂੰ ਕੋਈ ਮੁਸ਼ਕਲ ਨਾ ਹੋਵੇ ਤੇ ਟ੍ਰੀ ਹਾਊਸ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 19 ਸਥਾਨਾਂ ਨੂੰ ਟੂਰਿਜ਼ਮ ਸਪਾਟ ਦੇ ਰੂਪ 'ਚ ਵਿਕਸਤ ਕਰਨ ਲਈ ਪਛਾਣ ਕੀਤੀ ਗਈ ਹੈ। ਸਾਰੇ ਸਥਾਨਾਂ ਦਾ ਸਰਵੇ ਮੁਕੰਮਲ ਕਰ ਤਿੰਨ ਸਾਲਾਂ 'ਚ ਇਨ੍ਹਾਂ ਦਾ ਮੁਕੰਮਲ ਵਿਕਾਸ ਕਰ ਦਿੱਤਾ ਜਾਵੇਗਾ।
ਸਮਾਗਮ 'ਚ ਸ਼ਾਮਲ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਦੋਹੇਂ ਐੱਮ.ਐੱਲ.ਏ. ਸਾਰਿਆਂ ਦੇ ਹਰਮਨ ਪਿਆਰੇ ਹਨ ਤੇ ਜਦ ਇਹ ਬੋਲਦੇ ਹਨ ਤਾਂ ਵਿਰੋਧੀਆਂ ਦੇ ਪਸੀਨੇ ਕੱਢ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਹਾਂ ਦੇ ਵਿਧਾਨਸਭਾ ਖੇਤਰਾਂ 'ਚ ਸੀਵਰੇਜ਼ ਸਿਸਟਮ ਲਈ 20-20 ਕਰੋੜ ਰੁਪਏ ਮੰਜੂਰ ਕੀਤੇ ਹਨ।
ਇਸ ਦੌਰਾਨ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਤੇ ਵਰ੍ਹਦਿਆਂ ਹੋਇਆਂ ਸਿੱਧੂ ਨੇ ਕਿਹਾ ਕਿ ਭਾਜਪਾ ਨੇ ਦੇਸ਼ ਵਾਸੀਆਂ ਨਾਲ ਧੋਖਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੇ 1.10 ਲੱਖ ਲੋਕ ਆਪਣੀਆਂ ਨੌਕਰੀਆਂ ਗਵਾ ਬੈਠੇ ਹਨ। ਨੋਟਬੰਦੀ ਨਾਲ ਭਾਜਪਾ ਵਾਲਿਆਂ ਨੇ ਤਾਂ ਆਪਣੀ ਬਲੈਕ ਮਨੀ ਕੋਆਪਰੇਟਿਵ ਬੈਂਕਾਂ ਰਾਹੀਂ ਸੁਰੱਖਿਅਤ ਕਰ ਲਈ। ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਜਿਸ ਬੈਂਕ ਦੇ ਡਾਇਰੈਕਟਰ ਹਨ, ਉਥੇ ਇੱਕ ਦਿਨ 'ਚ 700 ਕਰੋੜ ਰੁਪਏ ਜਮ੍ਹਾਂ ਹੋਏ ਜਦਕਿ ਆਮ ਨਾਗਰਿਕ ਦੇ ਖਾਤੇ 'ਚ ਜਮ੍ਹਾਂ ਹੋਈ ਰਾਸ਼ੀ ਦਾ ਹਿਸਾਬ ਮੰਗਿਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਮੋਦੀ ਸ਼ਾਸਨਕਾਲ 'ਚ ਇੱਕ ਵੀ ਕਿਸਾਨ ਦਾ ਕਰਜ਼ ਮਾਫ ਨਹੀਂ ਹੋਇਆ।