ਸ਼ਿਮਲਾ ਤੋਂ ਲਾਪਤਾ ਬੱਚੇ ਨੂੰ ਪਹੁੰਚਾਇਆ ਫਿਰੋਜ਼ਪੁਰ
Thursday, Jan 18, 2018 - 02:44 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਫਾਜ਼ਿਲਕਾ ਤੋਂ ਫਿਰੋਜ਼ਪੁਰ ਆਉਣ ਵਾਲੀ ਟਰੇਨ ਤੋਂ ਚਾਈਲਡ ਲਾਈਨ ਫਿਰੋਜ਼ਪੁਰ ਦੀ ਟੀਮ ਨੂੰ ਮਿਲੀ ਸੂਚਨਾ 'ਤੇ ਟੀਮ ਨੇ ਕਾਰਵਾਈ ਕਰਦੇ ਹੋਏ ਸ਼ਿਮਲਾ ਤੋਂ ਲਾਪਤਾ ਹੋਏ ਬੱਚੇ ਨੂੰ ਮੌਕੇ 'ਤੇ ਪਹੁੰਚ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਬੱਚਾ ਚਾਈਲਡ ਲਾਈਨ ਦੀ ਟੀਮ ਨੂੰ ਪਾਈਲਟ ਹਿਮੰਤ ਵੱਲੋਂ ਦਿੱਤਾ । ਚਾਈਲਡ ਲਾਈਨ ਦੇ ਪ੍ਰੋਗਰਾਮ ਵਿਚ ਉਸ ਦੀ ਕੌਂਸਲਿੰਗ ਕਰਨ 'ਤੇ ਉਸ ਨੇ ਆਪਣਾ ਨਾਂ ਸੰਦੀਪ ਦੱਸਿਆ ਤੇ ਆਪਣੇ ਪਿਤਾ ਦਾ ਨਾਂ ਪ੍ਰਕਾਸ਼ ਤੇ ਮਾਂ ਦਾ ਨਾਂ ਦੁਰਗਾ ਦੱਸਦੇ ਹੋਏ ਕਿਹਾ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਸ਼ਿਮਲਾ ਵਿਚ ਤੀਸਰੀ ਕਲਾਸ ਵਿਚ ਪੜ੍ਹਦਾ ਹੈ ਅਤੇ ਗਲਤੀ ਨਾਲ ਟਰੇਨ ਵਿਚ ਚੜ੍ਹ ਕੇ ਪੰਜਾਬ ਪਹੁੰਚ ਗਿਆ ਤੇ ਕਾਫੀ ਦਿਨਾਂ ਤੋਂ ਇਧਰ-ਉਧਰ ਘੁੰਮ ਰਿਹਾ ਹੈ ਪਰ ਉਹ ਵਾਪਸ ਸ਼ਿਮਲਾ ਜਾਣਾ ਚਾਹੁੰਦਾ ਹੈ।
ਇਸ ਤੋਂ ਬਾਅਦ ਚਾਈਲਡ ਲਾਈਨ ਨੇ ਸ਼ਿਮਲਾ ਵਿਚ ਸੰਪਰਕ ਕਰ ਕੇ ਬੱਚੇ ਦੇ ਮਾਂ-ਬਾਪ ਦਾ ਪਤਾ ਲਾਇਆ ਤੇ ਉਸ ਨੂੰ ਬਾਲ ਭਲਾਈ ਕਮੇਟੀ ਫਿਰੋਜ਼ਪੁਰ ਦੇ ਸਾਹਮਣੇ ਪੇਸ਼ ਕੀਤਾ। ਕਮੇਟੀ ਨੇ ਉਸ ਨੂੰ ਸ਼ਿਮਲਾ ਛੱਡ ਕੇ ਆਉਣ ਦੇ ਹੁਕਮ ਦਿੱਤੇ, ਜਿਸ 'ਤੇ ਅਮਨਦੀਪ ਸਿੰਘ ਕੋਆਰਡੀਨੇਟਰ ਚਾਈਲਡ ਲਾਈਨ ਫਿਰੋਜ਼ਪੁਰ ਤੇ ਪੰਕਜ ਦੇ ਨਾਲ ਟੀਮ ਮੈਂਬਰ ਬੱਚੇ ਨੂੰ ਲੈ ਕੇ ਸ਼ਿਮਲਾ ਪਹੁੰਚੇ ਤੇ ਬੱਚੇ ਦੀ ਮਾਂ ਦੇ ਨਾਲ ਬਾਲ ਭਲਾਈ ਕਮੇਟੀ ਸ਼ਿਮਲਾ ਦੇ ਅੱਗੇ ਪੇਸ਼ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੇ ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਕਮੇਟੀ ਨੇ ਉਸ ਨੂੰ ਉਪਨ ਸ਼ੈਲਟਰ ਹੋਮ ਸ਼ਿਮਲਾ ਵਿਚ ਭੇਜ ਦਿੱਤਾ ਹੈ।