ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਦੀ ਗੱਡੀ ਨਹਿਰ 'ਚ ਡਿੱਗੀ

06/24/2020 9:52:09 AM

ਫ਼ਿਰੋਜ਼ਪੁਰ (ਮਨਦੀਪ, ਕੁਮਾਰ) :ਰੇਲਵੇ ਮੰਡਲ ਫਿਰੋਜ਼ਪੁਰ ਦੇ ਸੀਨੀਅਰ ਡੀ. ਐੱਮ. ਈ. ਰਾਜ ਕੁਮਾਰ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋਣ ਦੇ ਸਦਮੇ ਤੋਂ ਮੰਡਲ ਹਾਲੇ ਬਾਹਰ ਨਹੀਂ ਆਇਆ ਕਿ ਮੰਡਲ ਦੇ ਇਕ ਹੋਰ ਅਧਿਕਾਰੀ ਦੀ ਹਾਦਸੇ ’ਚ ਮੌਤ ਹੋ ਗਈ। ਡੀ. ਆਰ. ਐੱਮ ਰਜੇਸ਼ ਅਗਰਵਾਲ ਨੇ ਦੱਸਿਆ ਕਿ ਇਕ ਹੀ ਹਫਤੇ ’ਚ ਮੰਡਲ ਨੇ ਦੋ ਹੋਣਹਾਰ ਅਧਿਕਾਰੀਆਂ ਨੂੰ ਹੱਥੋਂ ਗਵਾ ਲਿਆ।

ਇਹ ਵੀ ਪੜ੍ਹੋਂ : ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਟੈਂਕੀ 'ਤੇ ਚੜ੍ਹਿਆ ਕਿਸਾਨ, ਪੀਤੀ ਜ਼ਹਿਰੀਲੀ ਦਵਾਈ

ਉਨ੍ਹਾਂ ਦੱਸਿਆ ਕਿ ਸੀਨੀਅਰ ਮੰਡਲ ਇੰਜੀਨੀਅਰ ਅਮਿਤ ਕੁਮਾਰ 23 ਜੂਨ ਨੂੰ ਛੁੱਟੀ ਲੈ ਕੇ ਪ੍ਰਾਈਵੇਟ ਗੱਡੀ ਰਾਹੀਂ ਆਪਣੇ ਘਰ ਬਿਹਾਰ ਦੇ ਲਈ ਨਿਕਲੇ ਸਨ। ਬੁੱਧਵਾਰ ਤਡ਼ਕੇ 3 ਵਜੇ ਫੈਜ਼ਾਬਾਦ-ਲਖਨਊ ਦੇ ਵਿਚਾਲੇ ਉਨ੍ਹਾਂ ਦੀ ਗੱਡੀ ਅਸੰਤੁਲਿਤ ਹੋ ਕੇ ਸ਼ਾਰਦਾ ਨਹਿਰ ’ਚ ਡਿੱਗ ਪਈ। ਕਾਰ ਦੀ ਅਗਲੀ ਸੀਟ ’ਤੇ ਬੈਠਾ ਚਾਲਕ ਅਤੇ ਇਕ ਹੋਰ ਵਿਅਕਤੀ ਹਾਦਸੇ ’ਚ ਬਚ ਗਏ ਪਰ ਪਿਛਲੀ ਸੀਟ ’ਤੇ ਬੈਲਟ ਬੰਨ੍ਹ ਕੇ ਬੈਠੇ ਹੋਣ ਕਾਰਣ ਅਮਿਤ ਕੁਮਾਰ ਕਾਰ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਪਾਣੀ ’ਚ ਡੁੱਬਣ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਫੈਜ਼ਾਬਾਦ ਬਚਾਓ ਦਲ ਦੀ ਟੀਮ ਨੇ ਬੁੱਧਵਾਰ ਸਵੇਰੇ 10 ਵਜੇ ਗੱਡੀ ਨੂੰ ਬਾਹਰ ਕੱਢਿਆ ਅਤੇ ਅਮਿਤ ਕੁਮਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਗਰਵਾਲ ਨੇ ਪੂਰੇ ਮੰਡਲ ਵੱਲੋਂ ਇਸ ਦੁਖਦਾਈ ਘਟਨਾ ’ਤੇ ਸੋਗ ਪ੍ਰਗਟ ਕਰਦੇ ਹੋਏ ਅਮਿਤ ਕੁਮਾਰ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।


Baljeet Kaur

Content Editor

Related News