ਫਿਰੋਜ਼ਪੁਰ ਨਾਲ ਸੁਖਬੀਰ ਨੂੰ ਪਿਆਰ ਸੀ ਤਾਂ ਉਹ ਸਭ ਤੋਂ ਇਥੇ ਲਿਆਉਂਦੇ PGI : ਪਿੰਕੀ

12/27/2019 1:02:08 PM

ਫਿਰੋਜ਼ਪੁਰ (ਮਨਦੀਪ, ਕੁਮਾਰ) - ਕਾਂਗਰਸ ਸਰਕਾਰ ਵਲੋਂ ਫਿਰੋਜ਼ਪੁਰ ਸ਼ਹਿਰ ਚ ਜਲਦ ਬਣਾਏ ਜਾ ਰਹੇ ਪੀ. ਜੀ. ਆਈ. ਸੈਟੇਲਾਈਟ ਸੈਂਟਰ ’ਤੇ ਸਿਆਸਤ ਚੱਲ ਰਹੀ ਹੈ। ਇਸ ਸਿਆਸਤ ਦੇ ਸਬੰਧ ਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2012 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਦੇ ਸਮੇਂ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵਲੋਂ ਪੰਜਾਬ ਦੇ ਫਿਰੋਜ਼ਪੁਰ ਅਤੇ ਸੰਗਰੂਰ ਵਿਚ ਪੀ.ਜੀ.ਆਈ. ਸੈਟੇਲਾਈਟ ਸੈਂਟਰ ਸੈਕਸ਼ਨ ਕੀਤੇ ਗਏ ਸਨ। ਪੰਜਾਬ ਵਿਚ ਅਕਾਲੀ ਦਲ-ਭਾਜਪਾ ਦੀ ਸਰਕਾਰ ਆਉਣ ਮਗਰੋਂ ਸੰਗਰੂਰ ਵਿਚ ਪੀ. ਜੀ. ਆਈ. ਸੈਟੇਲਾਈਟ ਸੈਂਟਰ ਲਈ ਜਗ੍ਹਾ ਦੇ ਦਿੱਤੀ ਪਰ ਫਿਰੋਜ਼ਪੁਰ ਵਿਚ ਪੀ.ਜੀ.ਆਈ. ਦੀ ਉਸਾਰੀ ਲਈ ਅਕਾਲੀ ਦਲ-ਭਾਜਪਾ ਸਰਕਾਰ ਨੇ ਜਗ੍ਹਾ ਨਹੀਂ ਦਿੱਤੀ। ਇਸੇ ਕਾਰਨ ਫਿਰੋਜ਼ਪੁਰ ਵਿਚ ਪੀ. ਜੀ. ਆਈ. ਸੈਂਟਰ ਦੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਉਸਾਰੀ ਸ਼ੁਰੂ ਨਹੀਂ ਹੋ ਸਕੀ। 

 ਪਿੰਕੀ ਨੇ ਕਿਹਾ ਕਿ ਹੁਣ ਪੰਜਾਬ ’ਚ ਕਾਂਗਰਸ ਦੀ ਸਰਕਾਰ ਆਉਂਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ.ਜੀ.ਆਈ. ਦੀ ਉਸਾਰੀ ਲਈ 25 ਏਕੜ ਦੀ ਜ਼ਮੀਨ ਦੇ ਦਿੱਤੀ। ਇਸ ਨਿਰਮਾਣ ਦੇ ਸਬੰਧ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਮੈਂ ਕਈ ਵਾਰ ਉਸ ਸਮੇਂ ਦੇ ਸਿਹਤ ਮੰਤਰੀ ਨੱਡਾ ਨੂੰ ਪੀ.ਜੀ.ਆਈ. ਦੀ ਉਸਾਰੀ ਲਈ ਮਿਲ ਕੇ ਆਏ। ਮੁਲਾਕਾਤ ਦੌਰਾਨ ਅਸੀਂ ਉਨ੍ਹਾਂ ਤੋਂ ਪੀ.ਜੀ.ਆਈ. ਦੀ ਉਸਾਰੀ ਲਈ 2 ਏਕੜ ਜਗ੍ਹਾ ਹੋਰ ਮੰਗੀ ਸੀ, ਜੋ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਦੀ ਜਨਤਾ ਨਾਲ ਸਿਆਸਤ ਕਰਦਾ ਰਿਹਾ ਪਰ ਫਿਰੋਜ਼ਪੁਰ ਦੇ ਲੋਕਾਂ ਲਈ ਸਿਆਸਤ ਨਹੀਂ ਸਗੋਂ ਸਿਹਤ ਸਹੂਲਤਾਂ ਜ਼ਰੂਰੀ ਹਨ। ਇਸ ਲਈ ਮੈਂ ਫਿਰੋਜ਼ਪੁਰ ਵਾਸੀਆਂ ਲਈ ਬਿਨਾਂ ਕਿਸੇ ਸਿਆਸਤ ਦੇ ਕੰਮ ਕਰ ਰਿਹਾ ਹਾਂ।

ਵਿਧਾਇਕ ਪਿੰਕੀ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਫਿਰੋਜ਼ਪੁਰ ਵਾਸੀਆਂ ਨਾਲ ਇੰਨਾ ਹੀ ਪਿਆਰ ਸੀ ਤਾਂ ਬਠਿੰਡਾ ਵਿਚ ‘ਏਮਜ਼’ ਲਿਆਉਣ ਤੋਂ ਪਹਿਲਾਂ ਉਹ ਫਿਰੋਜ਼ਪੁਰ ਵਿਚ ਪੀ.ਜੀ.ਆਈ. ਦੀ ਉਸਾਰੀ ਕਰਵਾਉਂਦੇ, ਕਿਉਂਕਿ ਬਠਿੰਡਾ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹਿਲਾਂ ਹੀ ਕਈ ਵੱਡੇ ਹਸਪਤਾਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ‘ਏਮਜ਼’ ਦੇ ਨਿਰਮਾਣ ਤੋਂ ਪਹਿਲਾਂ ਫਿਰੋਜ਼ਪੁਰ ਦੇ ਪੀ.ਜੀ.ਆਈ. ਲਈ ਉਸਾਰੀ ਸ਼ੁਰੂ ਕਰਵਾਉਂਦੇ ਤਾਂ ਉਹ ਖੁਦ ਨੰਗੇ ਪੈਰੀ ਉਨ੍ਹਾਂ ਕੋਲ ਚੱਲ ਕੇ ਆਉਂਦੇ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ। ਪੀ.ਜੀ.ਆਈ. ਦੇ ਨਾਲ ਇਕ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਸਥਿਤ ਹੈ, ਜਿਥੇ ਦਿਨ-ਰਾਤ ਲੰਗਰ ਚੱਲਦਾ ਹੈ ਅਤੇ ਲੋਕਾਂ ਨੂੰ ਇਥੇ ਰਹਿਣ ਅਤੇ ਖਾਣ-ਪੀਣ ਦੀ ਪੂਰੀ ਸਹੂਲਤ ਹੋਵੇਗੀ । ਪਿੰਕੀ ਨੇ ਦੱਸਿਆ ਕਿ ਪੀ. ਜੀ. ਆਈ. ਸੈਟੇਲਾਈਟ ਸੈਂਟਰ 100 ਬੈੱਡਾਂ ਦਾ ਬਣਨ ਜਾ ਰਿਹਾ ਸੀ ਪਰ ਹੁਣ ਇਹ 300 ਬੈੱਡਾਂ ਤੋਂ ਉਪਰ ਹੋਵੇਗਾ। ਇਸ ਦੇ ਨਾਲ ਹੀ ਇਥੇ ਨਰਸਿੰਗ ਅਤੇ ਮੈਡੀਕਲ ਕਾਲਜ ਵੀ ਖੋਲ੍ਹਿਆ ਜਾਵੇਗਾ ਅਤੇ ਇਸ ਪ੍ਰਾਜੈਕਟ ’ਤੇ ਹੁਣ 400 ਕਰੋਡ਼ ਤੋਂ ਵੱਧ ਕੇ 1500 ਤੋਂ 2 ਹਜ਼ਾਰ ਕਰੋਡ਼ ਤੱਕ ਖਰਚਾ ਹੋਵੇਗਾ। 


rajwinder kaur

Content Editor

Related News