ਫਿਰੋਜ਼ਪੁਰ ਜੇਲ੍ਹ ’ਚੋਂ ਤਲਾਸ਼ੀ ਦੌਰਾਨ 6 ਮੋਬਾਇਲ ਅਤੇ ਨਸ਼ੀਲਾ ਪਦਾਰਥ ਬਰਾਮਦ
Saturday, Oct 29, 2022 - 05:31 PM (IST)
ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਮੁਹਿੰਮ ਦੌਰਾਨ 6 ਮੋਬਾਇਲ, 23 ਤੰਬਾਕੂ ਦੀਆਂ ਪੁੜੀਆਂ ਅਤੇ 3 ਸਿਗਰਟ ਦੀਆਂ ਡੱਬੀਆਂ ਬਰਾਮਦ ਹੋਈਆਂ ਹਨ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਅਤੇ ਜਸਵੀਰ ਚੰਦ ਵੱਲੋਂ ਭੇਜੀ ਲਿਖਤੀ ਸ਼ਿਕਾਇਤ ਦੇ ਅਧਾਰ ’ਤੇ ਹਵਲਾਤੀ ਬਲਵਿੰਦਰ ਸਿੰਘ ਉਰਫ ਖਿੰਦਰੀ, ਹਲਾਵਤੀ ਅਜੇ, ਜਸਕਰਨ, ਗੌਤਮ, ਸੁਨੀਲ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਜੇਲ ਫਿਰੋਜ਼ਪੁਰ ’ਚ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੈਕਟ ਸੁੱਟੇ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਦੇਵ ਸਿੰਘ ਅਤੇ ਐੱਚ.ਸੀ. ਅਮਨਦੀਪ ਕੁਮਾਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਪੁਲਸ ਨੂੰ ਭੇਜੇ ਪੱਤਰ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬਲਾਕ ਨੰ. 3 ਵਿਚ ਜੇਲ ਦੇ ਬਾਹਰੋਂ ਕਿਸੇ ਵਿਅਕਤੀ ਵੱਲੋਂ ਥ੍ਰੋਅ ਕੀਤੀ ਗਈ ਹੈ ਅਤੇ ਹਵਲਾਤੀ ਅਜੇ ਕੁਮਾਰ ਨੇ ਚੁੱਕੀ ਹੈ ਅਤੇ ਪੁੱਛਗਿੱਛ ਕਰਨ ’ਤੇ ਅਜੇ ਨੇ ਬਲਾਕ ਨੰਬਰ 1 ਦੀ ਬੈਰਕ ਨੰਬਰ 1 ’ਚ ਬਣੇ ਰੋਸ਼ਨਦਾਨ ਵਿਚੋਂ 2 ਪੈਕੇਟ ਬਰਾਮਦ ਕਰਵਾਏ ਅਤੇ ਇਸੇ ਬੈਰਕ ਦੇ ਅੰਦਰ ਬਣੇ ਬਾਥਰੂਮ ਵਿਚੋਂ ਇਕ ਮੋਬਾਇਲ ਫੋਨ ਸੈਮਸੰਗ ਕੀਪੈਡ ਲਾਵਾਰਿਸ ਹਾਲਤ ’ਚ ਬਰਾਮਦ ਹੋਇਆ ਹੈ, ਜਿਸ ਵਿਚ ਵੀ. ਆਈ. ਕੰਪਨੀ ਦਾ ਇਕ ਸਿਮ ਕਾਰਡ ਵੀ ਹੈ।
ਜੇਲ੍ਹ ਅਧਿਕਾਰੀਆਂ ਅਨੁਸਾਰ ਇਸ ਬੰਦੀ ਨੇ ਦੱਸਿਆ ਕਿ ਬਾਹਰੋਂ ਸੁੱਟੇ ਗਏ ਦੋ ਹੋਰ ਪੈਕਟ ਸਟੋਰ ਵਿਚ ਹਵਾਲਾਤੀ ਜਸਕਰਨ ਸਿੰਘ ਨੂੰ ਦਿੱਤੇ ਹਨ ਅਤੇ ਹਵਾਲਾਤੀ ਅਜੈ ਨੇ ਜੇਲ੍ਹ ਅਧਿਕਾਰੀਆਂ ਸਾਹਮਣੇ ਮੰਨਿਆ ਕਿ ਉਸਦੇ ਮੋਬਾਇਲ ਫ਼ੋਨ ਬਲਾਕ ਨੰਬਰ 1 ਦੀ ਬੈਰਕ ਨੰਬਰ 4 ਵਿਚ ਬੰਦ ਹਵਾਲਾਤੀ ਗੌਤਮ ਦੇ ਕੋਲ ਹੈ। ਉਨ੍ਹਾਂ ਦੱਸਿਆ ਕਿ ਬੰਦੀ ਨੇ ਬਲਾਕ ਨੰਬਰ 1 ਦੀ ਵਾਰਡ ਨੰਬਰ 4 ਵਿਚ ਹਵਾਲਾਤੀ ਗੌਤਮ ਕੋਲੋਂ ਇਕ ਮੋਬਾਇਲ ਫੋਨ ਸੈਮਸੰਗ ਕੀਪੈਡ ਬਰਾਮਦ ਕਰਵਾਇਆ ਅਤੇ ਜਦੋਂ ਇਨ੍ਹਾਂ ਪੈਕ ਨੂੰ ਖੋਲ੍ਹਿਆ ਤਾਂ ਉਸ ਵਿਚ ਤੰਬਾਕੂ ਦੀਆਂ 23 ਪੁੜੀਆਂ, 3 ਸਿਗਰਟਾਂ ਦੀਆਂ ਡੱਬੀਆਂ ਅਤੇ ਬਿਨਾਂ ਸਿਮ ਕਾਰਡ ਦੇ ਤਿੰਨ ਮੋਬਾਇਲ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਵਰਾਂਡੇ ਵਿਚ ਖੜ੍ਹੇ ਬਲਵਿੰਦਰ ਸਿੰਘ ਉਰਫ਼ ਖਿੰਦਰੀ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਸੈਮਸੰਗ ਕੀਪੈਡ ਮੋਬਾਇਲ ਬਿਨਾਂ ਸਿਮ ਕਾਰਡ ਤੋਂ ਬਰਾਮਦ ਹੋਇਆ।