ਬਜ਼ੁਰਗ ਜੋੜੇ ਲਈ ਮਸੀਹਾ ਬਣ ਕੇ ਬਹੁੜਿਆ ਫਿਰੋਜ਼ਪੁਰ ਦੇ ਡੀ.ਸੀ

12/18/2019 5:38:10 PM

ਫਿਰੋਜ਼ਪੁਰ (ਬਿਊਰੋ) - ਆਪਣਾ ਘਰ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾ ਰਹੇ ਪਿੰਡ ਚਾਂਬ ਦੇ ਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਅੱਜ ਫਿਰੋਜ਼ਪੁਰ ਦੇ ਡੀ.ਸੀ ਚੰਦਰ ਗੈਂਦ ਉਨ੍ਹਾਂ ਕੋਲ ਆਏ। ਬਜ਼ੁਰਗ ਜੋੜੇ ਦੀ ਉਨ੍ਹਾਂ ਨੇ ਨਾ ਸਿਰਫ ਘਰ ਵਾਪਸੀ ਕਰਵਾਈ ਸਗੋਂ ਉਨ੍ਹਾਂ ਨੇ ਪੁਲਸ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਧਿਆਨ ਰੱਖਣ ਲਈ ਵੀ ਕਿਹਾ ਕਿ ਉਨ੍ਹਾਂ ਨੂੰ ਹੁਣ ਕੋਈ ਘਰੋਂ ਬਾਹਰ ਨਾ ਕੱਢੇ। ਡੀ.ਸੀ ਵਲੋਂ ਮਦਦ ਕਰਨ ’ਤੇ ਬਜ਼ੁਰਗ ਜੋੜੇ ਦੀਆਂ ਅੱਖਾਂ ’ਚ ਹੰਝੂ ਆ ਗਏ ਅਤੇ  ਭਾਵੁਕ ਹੋਈ ਬਜ਼ੁਰਗ ਔਰਤ ਨੇ ਡੀ.ਸੀ ਨੂੰ ਪਿਆਰ ਨਾਲ ਗਲੇ ਲਗਾ ਲਿਆ। ਗਲੇ ਲੱਗਣ ’ਤੇ ਡੀ.ਸੀ ਨੇ ਬਜ਼ੁਰਗ ਔਰਤ ਨੂੰ ਕਿਹਾ ਕਿ ‘ਮਾਂ ਕੀ ਹੋਇਆ, ਜੇ ਤੁਹਾਡਾ ਪੁੱਤ ਨਹੀਂ ਰਿਹਾ। ਅੱਜ ਤੋਂ ਮੈਂ ਹੀ ਤੁਹਾਡਾ ਪੁੱਤ ਹਾਂ। ਤੁਹਾਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਸਿੱਧਾ ਮੈਨੂੰ ਦੱਸੋ। 

PunjabKesari

ਕੀ ਸੀ ਮਾਮਲਾ
ਬਜ਼ੁਰਗ ਸਲਵਿੰਦਰ ਸਿੰਘ ਅਤੇ ਮਹਿੰਦਰ ਕੌਰ ਨੇ ਨੂੰਹ ਤੋਂ ਪਰੇਸ਼ਾਨ ਹੋ ਕੇ ਸੀਰੀਅਨ ਸਿਟੀਜਨ ਮੇਨਟੀਨੈਂਸ ਐਕਟ ਦੇ ਤਹਿਤ ਡਿਪਟੀ ਕਮਿਸ਼ਨਰ ਤੋਂ ਮਦਦ ਦੀ ਗੁਹਾਰ ਲਾਈ ਸੀ। ਬਜ਼ੁਰਗ ਜੋੜੇ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਨੂੰਹ ਦੇ ਨਾਲ ਉਨ੍ਹਾਂ ਦਾ ਘਰੇਲੂ ਵਿਵਾਦ ਚੱਲ ਰਿਹਾ ਹੈ। ਉਹ ਉਨ੍ਹਾਂ ਨੂੰ ਘਰ ’ਚ ਰਹਿਣ ਨਹੀਂ ਦੇ ਰਹੀ ਅਤੇ ਨਾ ਹੀ ਜ਼ਮੀਨ ’ਤੇ ਖੇਤੀ ਕਰਨ ਦਿੰਦੀ ਹੈ। ਡੀ.ਸੀ. ਨੇ ਬਜ਼ੁਰਜ਼ ਜੋੜੇ ਦੱ ਹੱਕ ’ਚ ਫੈਸਲਾ ਸੁਣਾਉਂਦੇ ਹੋਏ ਜ਼ਮੀਨ ਅਤੇ ਘਰ ’ਤੇ ਉਨ੍ਹਾਂ ਦਾ ਕਬਜ਼ਾ ਦਿਵਾਉਣ ਦੇ ਹੁਕਮ ਸੁਣਾਏ ਹਨ। ਹਾਈਕੋਰਟ ਨੇ ਅਸਥਾਈ ਤੌਰ ’ਤੇ ਰਾਹਤ ਦਿੰਦੇ ਹੋਏ ਨੂੰਹ ਨੂੰ 2 ਕਮਰੇ ਦੇਣ ਦੇ ਹੁਕਮ ਦਿੱਤੇ ਹਨ, ਜੋ ਕੱਲ ਤੋਂ ਲਾਗੂ ਹੋ ਜਾਣਗੇ।  

ਤੁਸੀਂ ਬੇਫਿਕਰ ਹੋ ਕੇ ਆਪਣੇ ਘਰ 'ਚ ਰਹਿ ਸਕਦੇ ਹੋ : ਡਿਪਟੀ ਕਮਿਸ਼ਨਰ
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਬਜ਼ੁਰਗ ਔਰਤ ਮਹਿੰਦਰ ਕੌਰ ਮਦਦ ਲਈ ਉਨ੍ਹਾਂ ਕੋਲ ਆਈ ਸੀ, ਜਿਸ ਦੌਰਾਨ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣਾ ਘਰ ਹੋਣ ਦੇ ਬਾਵਜੂਦ ਰਿਸ਼ਤੇਦਾਰਾਂ ਕੋਲ ਭਟਕ ਰਹੀ ਹੈ। ਮਹਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਘਰ 'ਚ ਰਹਿਣ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਜ਼ਮੀਨ 'ਤੇ ਖੇਤੀ ਕਰਨ ਦਿੱਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਘਰ 'ਚ ਰਹਿਣਾ ਚਾਹੁੰਦੀ ਹੈ। ਡੀ.ਸੀ. ਨੇ ਕਿਹਾ ਕਿ ਉਹ ਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਉਨ੍ਹਾਂ ਦੇ ਪਿੰਡ ਚਾਂਬ ਪਹੁੰਚ ਗਏ। ਇੱਥੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ 2 ਕਮਰੇ ਨੂੰਹ ਨੂੰ ਦੇ ਕੇ ਬਾਕੀ ਦੇ ਘਰ 'ਤੇ ਬਜ਼ੁਰਗ ਜੋੜੇ ਦਾ ਕਬਜ਼ਾ ਦਿਵਾਇਆ। ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਉਹ ਬੇਫਿਕਰ ਹੋ ਕੇ ਆਪਣੇ ਘਰ 'ਚ ਰਹਿ ਸਕਦੇ ਹਨ, ਜੇਕਰ ਉਨ੍ਹਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹ ਥਾਣਾ ਮੱਖੂ ਦੇ ਇੰਚਾਰਜ ਬਚਨ ਸਿੰਘ ਨੂੰ ਸੂਚਿਤ ਕਰ ਸਕਦੇ ਹਨ।


rajwinder kaur

Content Editor

Related News