ਪਾਕਿ ਨਹੀਂ ਆ ਰਿਹਾ ਨਾਪਾਕ ਹਰਕਤਾਂ ਤੋਂ ਬਾਜ, ਬੰਨ੍ਹ ਤੋਡ਼ ਭਾਰਤ ਵੱਲ ਛੱਡਿਆ ਪਾਣੀ

08/21/2019 6:01:25 PM

ਫਿਰੋਜ਼ਪੁਰ (ਸੰਨੀ) - ਚਾਰ ਦਿਨ ਤੋਂ ਜਿੱਥੇ ਪੰਜਾਬ ਸੂਬਾ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉਥੇ ਗੁਆਂਢੀ ਮੁਲਕ ਪਾਕਿ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪਾਕਿ ਨੇ ਬੀਤੇ ਦਿਨ  ਇਕ ਹੋਰ ਨਾਪਾਕ ਹਰਕਤ ਕਰਦੇ ਹੋਏ ਆਪਣੇ ਇਲਾਕੇ 'ਚ ਵਹਿੰਦੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਤੋੜ ਕੇ ਆਪਣੀਆਂ ਫੈਕਟਰੀਆਂ ਦਾ ਗੰਦਾ ਪਾਣੀ ਭਾਰਤ ਵੱਲ ਛੱਡ ਦਿੱਤਾ ਹੈ। ਪਾਕਿ ਦੀ ਇਸ ਹਰਕਤ ਕਾਰਨ ਅੰਤਰ ਰਾਸ਼ਟਰੀ ਸਰਹੱਦ ਅਤੇ ਫਿਰੋਜ਼ਪੁਰ ਸੈਕਟਰ ਦੀ ਸਤਪਾਲ ਚੌਕੀ ਦੇ ਕਈ ਗੇਟ ਤੇ ਫੇਸਿੰਗ ਪਾਣੀ 'ਚ ਡੁੱਬ ਚੁੱਕੀ ਹੈ। ਦੂਜੇ ਪਾਸੇ ਭਾਰਤ ਵੱਲ ਨੂੰ ਛੱਡੇ ਗਏ ਪਾਣੀ ਰਾਹੀਂ ਪਾਕਿ ਵਲੋਂ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨੂੰ ਦੇਖਦੇ ਹੋਏ ਸੀਮਾ ਸੁਰੱਖਿਆ ਬਲ ਵਲੋਂ ਚੌਕਸੀ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ। ਪਿੰਡ ਗੱਟੀ ਰਾਜੋਕੇ ਦੇ ਸਰਪੰਚ ਲਾਲ ਸਿੰਘ ਨੇ ਬੁੱਧਵਾਰ ਸਵੇਰੇ ਪ੍ਰਸ਼ਾਸਨ ਨੂੰ ਪਾਕਿ ਵਲੋਂ ਪਿੰਡ ਵੱਲ ਪਾਣੀ ਆਉਣ ਦੀ ਸੂਚਨਾ ਦਿੱਤੀ। 

ਸੂਚਨਾ ਮਿਲਦੇ ਸਾਰ ਡਿਪਟੀ ਕਮਿਸ਼ਨਰ ਚੰਦਰ ਗੈਂਦ, ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਬੀ.ਐੱਸ.ਐੱਫ. ਦੇ ਅਧਿਕਾਰੀ ਉਥੇ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। ਵਿਧਾਇਕ ਤੇ ਡੀ.ਸੀ. ਨੇ ਕਿਹਾ ਕਿ ਪਾਕਿ ਵਲੋਂ ਆਪਣੇ ਇਲਾਕੇ 'ਚ ਵਗਦੇ ਸਤਲੁਜ ਦਰਿਆ ਦਾ ਭਾਰਤ ਵੱਲ ਦਾ ਬੰਨ੍ਹ ਤੋੜ ਦਿੱਤਾ ਹੈ, ਜਿਸ ਕਾਰਨ ਉਥੇ ਸਤਲੁਜ ਦਰਿਆ 'ਚ ਡਿੱਗਣ ਵਾਲਾ ਫੈਕਟਰੀਆਂ ਦਾ ਗੰਦਾ ਪਾਣੀ ਇਧਰ ਆਉਣਾ ਸ਼ੁਰੂ ਹੋ ਗਿਆ ਹੈ। ਸਤਪਾਲ ਚੌਕੀ ਦੇ ਕਈ ਗੇਟ, ਫੇਸਿੰਗ ਵਾਇਰ ਪਾਣੀ 'ਚ ਡੁੱਬ ਚੁੱਕੀ ਹੈ। ਜਵਾਨਾਂ ਵਲੋਂ ਉਥੇ ਹੁਣ ਮੋਟਰ ਬੋਟਾਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਡੀ.ਸੀ ਨੇ ਬੀ.ਐੱਸ.ਐੱਫ. ਤੇ ਇਲਾਕੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਨੂੰ ਕਿਹਾ ਤੇ ਭਰੋਸਾ ਦਿੱਤਾ ਕਿ ਇਸ ਪਾਣੀ ਨੂੰ ਜਲਦ ਅੱਗੇ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਬੀਮਾਰੀਆਂ ਨਾ ਫੈਲਣ। ਉਧਰ ਬੀ.ਐੱਸ.ਐੱਫ. ਦੇ ਸੀ.ਈ.ਓ. ਸ਼ਿਵ ਓਮ ਨੇ ਕਿਹਾ ਕਿ ਪਾਕਿ ਵਲੋਂ ਪਾਣੀ ਛੱਡੇ ਜਾਣ ਨਾਲ ਇਸ ਸੰਭਾਵਨਾ ਨੂੰ ਜ਼ੋਰ ਮਿਲਦਾ ਹੈ ਕਿ ਓਧਰੋਂ ਸਮਗਲਿੰਗ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਬਲ ਵਲੋਂ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ ਤੇ ਜਦ ਤੱਕ ਪਾਣੀ ਨਹੀਂ ਉਤਰਦਾ, ਉਦੋਂ ਤੱਕ ਮੋਟਰ ਬੋਟਾਂ ਰਾਹੀਂ ਇਲਾਕੇ ਦੀ ਨਿਗਰਾਨੀ ਰੱਖੀ ਜਾ ਰਹੀ ਹੈ।


rajwinder kaur

Content Editor

Related News