ਤੁਗਲਕੀ ਸ਼ਾਸਕ ਵਲੋਂ ਵਸਾਏ ਗਏ ਫਿਰੋਜ਼ਪੁਰ ਸ਼ਹਿਰ ਦੇ ਜਾਣੋ 10 ਗੇਟਾਂ ਦਾ ਇਤਿਹਾਸ (ਵੀਡੀਓ)

Thursday, Jan 16, 2020 - 02:18 PM (IST)

ਫਿਰੋਜ਼ਪੁਰ (ਸੰਨੀ) - ਪੰਜਾਬ ਦੀ ਧਰਤੀ ਕਈ ਇਤਿਹਾਸਕ ਅਤੇ ਪੁਰਾਤਣ ਧਰੋਹਰਾਂ ਨੂੰ ਸਾਂਭੀ ਹੋਈ ਬੈਠੀ ਹੈ। ਇਨ੍ਹਾਂ ਇਤਿਹਾਸਕ ਧਰੋਹਰਾਂ ਦਾ ਹੀ ਇਕ ਹਿੱਸਾ ਹੁੰਦੇ ਹਨ ਪੁਰਾਤਣ ਗੇਟ। ਇਸੇ ਤਰ੍ਹਾਂ ਇਤਿਹਾਸਕ ਸ਼ਹਿਰ ਫਿਰੋਜ਼ਪੁਰ ’ਚ ਕਿਲਾਨੁਮਾ ਸ਼ਹਿਰਾਂ ਦੀ ਰਾਖੀ ਲਈ ਬਣਾਏ ਗਏ ਵੱਡੇ-ਵੱਡੇ ਗੇਟ ਸਮੇਂ ਦੇ ਨਾਲ-ਨਾਲ ਹੁਣ ਸ਼ਹਿਰਾਂ ਦੀ ਪਛਾਣ ਬਣ ਗਏ ਹਨ। ਫਿਰੋਜ਼ਪੁਰ ਦੀ ਸੁਰੱਖਿਆ ਲਈ 10 ਗੇਟ ਬਣਾਏ ਗਏ ਹਨ, ਜੋ ਇਸ ਸ਼ਹਿਰ ਦੇ ਐਂਟਰੀ ਗੇਟ ਹਨ।

PunjabKesari

ਫਿਰੋਜ਼ਪੁਰ ਦਾ ਇਤਿਹਾਸ
ਫਿਰੋਜ਼ਪੁਰ ਸ਼ਹਿਰ ਦੀ ਨੀਂਹ ਤੁਗਲਕ ਖਾਨਦਾਨ ਦੇ ਸੁਲਤਾਨ ਫਿਰੋਜ਼ਸ਼ਾਹ ਤੁਗਲਕ ਨੇ 1360 ਈਸਵੀ 'ਚ ਰੱਖੀ ਸੀ। ਉਸਨੇ ਹੀ ਸ਼ਹਿਰ ਦੇ ਚਾਰੇ ਪਾਸੇ ਕੁੱਲ 10 ਗੇਟ ਬਣਵਾਏ ਸਨ, ਜਿਨ੍ਹਾਂ ਦੇ ਨਾਂ ਵੱਖ-ਵੱਖ ਸ਼ਹਿਰਾਂ ਦੇ ਨਾਂ 'ਤੇ ਰੱਖੇ ਗਏ ਹਨ। ਜਿਵੇਂ ਮੁਲਤਾਨੀ ਗੇਟ, ਕਸੂਰੀ ਗੇਟ, ਬਗਦਾਦੀ ਗੇਟ, ਦਿੱਲੀ ਗੇਟ, ਮੈਗਜ਼ਨੀ ਗੇਟ, ਅੰਮ੍ਰਿਤਸਰੀ ਗੇਟ, ਬਾਂਸੀ ਗੇਟ, ਮਖੂ ਗੇਟ, ਜ਼ੀਰਾ ਗੇਟ, ਮੋਰੀ ਗੇਟ ਆਦਿ। ਫਿਰੋਜ਼ਸ਼ਾਹ ਤੁਗਲਕ ਦਾ ਇਥੇ ਆ ਕੇ ਵੱਸਣ ਦੇ ਪਿੱਛੇ ਦਾ ਕਿੱਸਾ ਵੀ ਬੜਾ ਰੌਚਕ ਹੈ। ਲੋਕ ਦੱਸਦੇ ਹਨ ਕਿ ਫਿਰੋਜ਼ਸ਼ਾਹ ਤੁਗਲਕ ਨੂੰ ਇਥੇ ਆ ਕੇ ਰਹਿਣ ਦੀ ਸਲਾਹ ਉਨ੍ਹਾਂ ਦੇ ਵੈਦ ਨੇ ਦਿੱਤੀ ਸੀ। ਫਿਰੋਜ਼ਪੁਰ ਸ਼ਹਿਰ ’ਚ ਲੱਗੇ ਗੇਟ ਇਸ ਸ਼ਹਿਰ ਦੀ ਪਛਾਣ ਹਨ ਪਰ ਅੱਜ ਦੀ ਤਾਰੀਕ 'ਚ ਜ਼ਿਆਦਾਤਰ ਗੇਟ ਆਪਣੀ ਹੋਂਦ ਗੁਆ ਚੁੱਕੇ ਹਨ। ਸਾਂਭ-ਸੰਭਾਲ ਨਾ ਹੋਣ ਕਰਕੇ ਇਨ੍ਹਾਂ ਗੇਟਾਂ ਦੇ ਸਿਰਫ ਨਾਂ ਹੀ ਰਹਿ ਗਏ ਹਨ। ਅਜੌਕੇ ਸਮੇਂ ’ਚ ਬਾਹਰੋਂ ਆਉਣ ਵਾਲੇ ਬਹੁਤ ਸਾਰੇ ਲੋਕ ਇਨ੍ਹਾਂ ਗੇਟਾਂ ਦੇ ਨਾਂ 'ਤੇ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ।

PunjabKesari

ਦੱਸ ਦੇਈਏ ਕਿ ਪੁਰਾਤਣ ਗੇਟ ਦੇ ਨਾਂ 'ਤੇ ਸਿਰਫ ਇਕ ਗੇਟ ਹੀ ਸਾਬਤ ਬਚਿਆ ਹੋਇਆ ਹੈ। ਇਸ ’ਤੇ ਲੱਗੇ ਲੱਕੜੀ ਦੇ ਤਖਤੇ ਅਤੇ ਉਨ੍ਹਾਂ 'ਤੇ ਲੱਗੀਆਂ ਵੱਡੀਆਂ-ਵੱਡੀਆਂ ਮੇਖਾਂ ਤੇ ਕੁੰਡੇ ਅੱਜ ਵੀ ਇਸਦੀ ਮਜ਼ਬੂਤੀ ਦੀ ਗਵਾਹੀ ਭਰ ਰਹੇ ਹਨ। ਹੀਰਾ ਮੰਡੀ ਦਾ ਇਹ ਮਜ਼ਬੂਤ ਗੇਟ ਖਾਸਕਰ ਹੀਰੇ ਤੇ ਸੋਨੇ ਦੇ ਵਪਾਰੀਆਂ ਦੀ ਸੁਰੱਖਿਆ ਦੇ ਮਕਸਦ ਨਾਲ ਬਣਾਇਆ ਗਿਆ ਸੀ। ਬਜ਼ੁਰਗਾਂ ਦੀ ਮੰਨੀਏ ਤਾਂ ਫਿਰੋਜ਼ਪੁਰ ਸ਼ਹਿਰ ਦੇ ਚਾਰੇ ਪਾਸੇ ਕੰਧਾਂ ਸਨ। ਬਾਹਰਲੇ ਪਾਸੇ ਇਕ ਵੱਡਾ ਨਾਲਾ ਸੀ, ਜੋ ਅੱਜ ਸੜਕ ਬਣ ਚੁੱਕਾ ਹੈ। ਬਜ਼ੁਰਗਾਂ ਨੇ ਦੱਸਿਆ ਕਿ ਸ਼ਹਿਰ ਦੇ ਅੰਦਰ ਤੇ ਬਾਹਰ ਆਉਣ-ਜਾਣ ਲਈ 10 ਗੇਟ ਸਨ। ਆਧੁਨਿਕਤਾ ਤੇ ਵਿਕਾਸ ਦੇ ਨਾਂ 'ਤੇ ਅੱਜ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਮਲੀਆਮੇਟ ਹੋ ਚੁੱਕੀਆਂ ਹਨ। ਕਈ ਖਤਮ ਹੋਣ ਦੀ ਕਾਗਾਰ 'ਤੇ ਹਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਬਚਾਉਣਾ ਲਾਜ਼ਮੀ ਹੈ। ਇਨ੍ਹਾਂ ਇਮਾਰਤਾਂ ਰਾਹੀਂ ਹੀ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਇਤਿਹਾਸਕ ਧਰੋਹਰਾਂ ਨੂੰ ਜਾਣ ਸਕਦੀ ਹੈ।

   


rajwinder kaur

Content Editor

Related News