ਨੌਜਵਾਨਾਂ ਦੇ ਨਾਲ-ਨਾਲ ਕੁੜੀਆਂ ਵੀ ਆ ਰਹੀਆਂ ਨੇ ਨਸ਼ੇ ਦੀ ਚਪੇਟ ''ਚ
Monday, Jul 08, 2019 - 12:57 PM (IST)
ਫਿਰੋਜ਼ਪੁਰ (ਕੁਮਾਰ) – ਪੰਜਾਬ 'ਚ ਨਸ਼ਾ ਬਹੁਤ ਵੱਡੀ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜਿਸ ਦੀ ਚਪੇਟ 'ਚ ਹੁਣ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਕੁੜੀਆਂ ਵੀ ਆਉਣ ਲੱਗੀਆਂ ਹਨ। ਜੋ ਨਸ਼ੇੜੀ ਨਸ਼ੇ ਦੇ ਟੀਕੇ ਲੱਗਾ ਰਹੇ ਹਨ, ਉਨ੍ਹਾਂ 'ਚੋਂ ਕਈ ਨਸ਼ੇੜੀ ਏਡਜ਼ ਦਾ ਸ਼ਿਕਾਰ ਵੀ ਹੋ ਰਹੇ ਹਨ। ਬੇਸ਼ੱਕ ਪੰਜਾਬ ਪੁਲਸ ਤੇ ਪੰਜਾਬ ਸਰਕਾਰ ਵਲੋਂ ਯੁਵਾ ਪੀੜ੍ਹੀ ਨੂੰ ਬਚਾਉਣ ਲਈ ਤੇਜ਼ੀ ਨਾਲ ਮੁਹਿੰਮ ਚਲਾਈ ਗਈ ਹੈ ਪਰ ਉਹ ਮੁਹਿੰਮ ਸਫਲ ਨਹੀਂ ਹੋ ਸਕਦੀ, ਕਿਉਂਕਿ ਇਸ ਮੁਹਿੰਮ 'ਚ ਈਮਾਨਦਾਰੀ ਨਾਲ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਨਸ਼ਾ ਕਰਨ ਵਾਲੇ ਵਿਅਕਤੀ ਦਾ ਨਸ਼ਾ ਛੁਡਾਉਣ ਲਈ ਸਿਰਫ ਸਖਤੀ ਹੀ ਨਹੀਂ ਸਗੋਂ ਜਾਗਰੂਕਤਾ ਦੀ ਵੀ ਲੋੜ ਪੈਂਦੀ ਹੈ ਅਤੇ ਇਹ ਜਾਗਰੂਕਤਾ ਜਿੰਨੀ ਆਮ ਲੋਕਾਂ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਪਰਿਵਾਰ ਕਰ ਸਕਦਾ ਹੈ, ਓਨੀ ਪੁਲਸ, ਪ੍ਰਸ਼ਾਸਨ ਅਤੇ ਸਰਕਾਰਾਂ ਨਹੀਂ ਕਰ ਸਕਦੀਆਂ। ਨਸ਼ਾ ਵਿਰੋਧੀ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ, ਜੇਕਰ ਨਸ਼ੇ ਦੀ ਡਿਮਾਂਡ ਬੰਦ ਹੋਵੇ, ਕਿਉਂਕਿ ਜੇਕਰ ਨਸ਼ੇ ਦੀ ਡਿਮਾਂਡ ਬੰਦ ਹੋ ਜਾਵੇਗੀ ਤਾਂ ਨਸ਼ੇ ਦੀ ਸਪਲਾਈ ਆਪਣੇ ਆਪ ਰੁਕ ਜਾਵੇਗੀ।
70 ਦੇ ਕਰੀਬ ਨੌਜਵਾਨਾਂ ਦੀ ਨਸ਼ੇ ਨਾਲ ਹੋ ਚੁੱਕੀ ਹੈ ਮੌਤ
ਗੈਰ ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਕਿ ਪਿਛਲੇ ਕੁਝ ਮਹੀਨਿਆਂ 'ਚ ਜ਼ਿਲਾ ਫਿਰੋਜ਼ਪੁਰ 'ਚ ਕਰੀਬ 70 ਲੜਕਿਆਂ ਦੀਆਂ ਨਸ਼ੇ ਨਾਲ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਪੁਲਸ ਵਲੋਂ ਜ਼ਿਲਾ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵਲੋਂ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਮਗਰੋਂ ਨਸ਼ੇ ਦੀ ਸਪਲਾਈ ਕਰਨ ਵਾਲੇ ਸਮੱਗਲਰ ਭਾਵੇਂ ਪੁਲਸ ਵਲੋਂ ਤੇਜ਼ੀ ਨਾਲ ਫੜੇ ਜਾ ਰਹੇ ਹਨ ਪਰ ਫਿਰ ਵੀ ਨਸ਼ੇ 'ਚ ਡੁੱਬੇ ਲੜਕੇ ਨਸ਼ੇ ਦਾ ਇੰਤਜ਼ਾਮ ਕਰ ਹੀ ਲੈਂਦੇ ਹਨ।ਚੰਗੇ-ਚੰਗੇ ਪਰਿਵਾਰਾਂ ਦੇ ਲੜਕੇ ਵੀ ਨਸ਼ੇ ਦੀ ਚਪੇਟ 'ਚ ਆ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਤੋਂ ਦੁੱਖੀ ਹਨ।
ਇਸ ਸਬੰਧ 'ਚ ਵਪਾਰ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਹਾਂਡਾ ਨੇ ਕਿਹਾ ਕਿ ਸਰਕਾਰ ਵਲੋਂ ਬਣਾਏ ਗਏ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਲਈ ਹਰ ਤਰ੍ਹਾਂ ਦੇ ਆਧੁਨਿਕ ਇੰਤਜ਼ਾਮ ਕੀਤੇ ਜਾਣ ਅਤੇ ਐੱਨ. ਜੀ. ਓ. ਅਤੇ ਸੰਤ ਸਮਾਜ ਦੀ ਮਦਦ ਲਈ ਜਾਵੇ। ਇਨ੍ਹਾਂ ਕੇਂਦਰਾਂ 'ਚ ਇਲਾਜ ਦੇ ਨਾਲ-ਨਾਲ ਦਾਖਲ ਨਸ਼ੇੜੀਆਂ ਦੀ ਕੌਂਸਲਿੰਗ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਰੋਜ਼ਾਨਾ ਯੋਗਾ ਕਰਵਾਇਆ ਜਾਵੇ। ਇਸੇ ਤਰ੍ਹਾਂ ਡਾ. ਰਵਿੰਦਰ ਮਰਵਾਹਾ ਨੇ ਕਿਹਾ ਕਿ ਨਸ਼ਾ ਛੁਡਾਉਣ ਲਈ ਜਿਨ੍ਹਾਂ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇ, ਉਨ੍ਹਾਂ ਨੂੰ ਨਸ਼ਾ ਛੱਡਣ ਦੇ ਬਾਅਦ ਸਰਕਾਰ ਵਲੋਂ ਰੋਜ਼ਗਾਰ ਦੇ ਸਾਧਨ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ। ਨਸ਼ਾ ਛੁਡਾਉਣ ਵਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਉਂਦੇ ਹੀ ਕੋਈ ਰੋਜ਼ਗਾਰ ਮਿਲੇਗਾ ਤਾਂ ਉਸ ਦਾ ਧਿਆਨ ਨਸ਼ਾ ਕਰਨ ਵੱਲ ਨਹੀਂ ਜਾਵੇਗਾ। ਨਸ਼ਾ ਛੱਡਣ ਦੇ ਬਾਅਦ, ਜੇਕਰ ਉਹ ਲੜਕਾ ਬੇਰੋਜ਼ਗਾਰ ਰਹੇਗਾ ਤਾਂ ਉਹ ਫਿਰ ਤੋਂ ਅਜਿਹੇ ਨਸ਼ੇੜੀ ਗਿਰੋਹ 'ਚ ਸ਼ਾਮਲ ਹੋ ਸਕਦਾ ਹੈ।