ਫਿਰੋਜ਼ਪੁਰ : ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਕੱਢੀ 10 ਕਿਲੋਮੀਟਰ ਲੰਬੀ ਟਰੈਕਟਰ ਪਰੇਡ
Tuesday, Jan 26, 2021 - 01:55 PM (IST)
ਫਿਰੋਜ਼ਪੁਰ ਕੁਮਾਰ) - ਗਣਤੰਤਰ ਦਿਹਾੜੇ ਮੌਕੇ ਅੱਜ ਕਿਸਾਨਾਂ ਵੱਲੋਂ ਸੈਂਕੜੇ ਟਰੈਕਟਰ, ਕਾਰਾਂ ਅਤੇ ਮੋਟਰਸਾਈਕਲਾਂ 'ਤੇ ਕਰੀਬ 10 ਕਿਲੋਮੀਟਰ ਲੰਬੀ ਸ਼ਾਂਤੀਪੂਰਨ ਟਰੈਕਟਰ ਪਰੇਡ ਦਾ ਆਯੋਜਨ ਕੀਤਾ ਗਿਆ। ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਕੱਢਦੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਦੇਸ਼ ਭਰ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਨੇ ਅੰਦੋਲਨ ਲਈ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਆਪਣੇ ਬਣਾਏ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਦੱਸ ਦੇਈਏ ਕਿ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਸੀ। ਸਾਰੇ ਟਰੈਕਟਰਾਂ, ਕਾਰਾਂ ਅਤੇ ਮੋਟਰਸਾਈਕਲਾਂ ’ਤੇ ਕਿਸਾਨਾਂ ਨੇ ਕਿਸਾਨੀ ਅੰਦੋਲਨ ਦੇ ਝੰਡੇ ਲਗਾਏ ਹੋਏ ਸਨ। ਫਿਰੋਜ਼ਪੁਰ ਕੈਂਟ ਤੋਂ ਚੱਲਿਆ ਟਰੈਕਟਰ ਮਾਰਚ ਫਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ, ਸ਼ਹੀਦ ਊਧਮ ਸਿੰਘ ਚੌਕ ਤੋਂ ਹੁੰਦਾ ਹੋਇਆ ਸਰਕੂਲਰ ਰੋਡ, ਮਖੂ ਗੇਟ, ਜ਼ੀਰਾ ਗੇਟ, ਮੱਲਵਾਲ ਰੋਡ ਆਦਿ ਖੇਤਰ ਵਿੱਚੋਂ ਅੱਗੇ ਪਹੁੰਚਿਆ। ਕਿਸਾਨਾਂ ਦੇ ਨਾਲ-ਨਾਲ ਇਸ ਟਰੈਕਟਰ ਪਰੇਡ ਨੂੰ ਲੈ ਕੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਸੀ।
ਇਸ ਮੌਕੇ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਆਗੂਆਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਨਾਲ-ਨਾਲ ਸਮੂਹ ਕਿਸਾਨ ਭਰਾਵਾਂ ਨੂੰ ਸ਼ਾਂਤੀ, ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਇਸ ਟਰੈਕਟਰ ਪਰੇਡ ਵਿਚ ਕਿਸਾਨ ਜੇ.ਸੀ.ਬੀ. ਮਸ਼ੀਨਾਂ ਵੀ ਲੈ ਕੇ ਆਏ ਸਨ ਅਤੇ ਕਿਸਾਨਾਂ ਨੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ।