ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ 5 ਕਰੋੜ 20 ਲੱਖ ਦੀ ਹੈਰੋਇਨ ਸਣੇ 1 ਤਸਕਰ ਕਾਬੂ
Monday, Mar 23, 2020 - 05:10 PM (IST)
ਫਿਰੋਜ਼ਪੁਰ/ਮਮਦੋਟ (ਕੁਮਾਰ, ਧਵਨ) - ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਸਬ ਇੰਸਪੈਕਟਰ ਪਿੱਪਲ ਸਿੰਘ ਦੀ ਅਗਵਾਈ ਹੇਠ ਕਥਿਤ ਤਸਕਰ ਨੂੰ ਗ੍ਰਿਫਤਾਰ ਕਰਦੇ ਉਸਦੀ ਨਿਸ਼ਾਨਦੇਹੀ ਤੋਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਮ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 5 ਕਰੋੜ 20 ਲੱਖ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਪਿੱਪਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦੇਵ ਸਿੰਘ ਜਿਸਦੀ ਜ਼ਮੀਨ ਤਾਰ ਦੇ ਪਾਰ ਹੈ, ਉਸਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ।
ਗੁਪਤ ਸੂਚਨਾ ਦੇਣ ਵਾਲੇ ਮੁਖਬਰ ਨੇ ਪੁਲਸ ਨੂੰ ਦੱਸਿਆ ਕਿ ਜਦ ਗੁਰਦੇਵ ਸਿੰਘ ਖੇਤੀ ਕਰਨ ਲਈ ਜਾਂਦਾ ਹੈ ਤਾਂ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਮੰਗਵਾਉਂਦਾ ਹੈ, ਜਿਸ ਨੂੰ ਉਹ ਅੱਗੇ ਵੇਚ ਦਿੰਦਾ ਹੈ। ਗੁਰਦੇਵ ਸਿੰਘ ਨੇ ਪਾਕਿ ਸਮੱਗਲਰਾਂ ਤੋਂ ਹੈਰੋਇਨ ਦੀ ਇਕ ਖੇਪ ਮੰਗਵਾਈ ਹੋਈ ਹੈ ਅਤੇ ਉਹ ਹੀਰੋਇਨ ਅੱਗੇ ਵੇਚਣ ਦੀ ਤਾਕ ਵਿਚ ਹੈ। ਐੱਸ.ਪੀ. ਇਨਵੈਸਟੀਗੇਸ਼ਨ ਅਜੇਬੀਰ ਸਿੰਘ ਅਤੇ ਡੀ.ਐੱਸ.ਪੀ. ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੱਪਲ ਸਿੰਘ ਨੇ ਪੁਲਸ ਪਾਰਟੀ ਅਤੇ ਬੀ.ਐੱਸ.ਐੱਫ. ਨੂੰ ਨਾਲ ਲੈ ਕੇ ਜਦੋਂ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਜੀਰੋ ਲਾਈਨ ’ਤੇ ਗੁਰਦੇਵ ਸਿੰਘ ਦੀ ਨਿਸ਼ਾਨਦੇਹੀ ’ਤੇ ਰੇਡ ਕੀਤਾ ਤਾਂ ਇਕ ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਵਲੋਂ ਫੜੇ ਗਏ ਕਥਿਤ ਤਸਕਰ ਗੁਰਦੇਵ ਸਿੰਘ ਪੁੱਤਰ ਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।