ਟਿੱਡੀ ਦਲ ਦੇ ਅਲਰਟ ''ਤੇ ਪੰਜਾਬ : ਕੰਟਰੋਲ ਨਾ ਹੋਣ ''ਤੇ ਬਾਗਾਂ ''ਤੇ ਢਾਹ ਸਕਦੀਆਂ ਹਨ ਕਹਿਰ
Friday, Jan 17, 2020 - 01:08 PM (IST)
![ਟਿੱਡੀ ਦਲ ਦੇ ਅਲਰਟ ''ਤੇ ਪੰਜਾਬ : ਕੰਟਰੋਲ ਨਾ ਹੋਣ ''ਤੇ ਬਾਗਾਂ ''ਤੇ ਢਾਹ ਸਕਦੀਆਂ ਹਨ ਕਹਿਰ](https://static.jagbani.com/multimedia/2020_1image_13_06_553172909fzr.jpg)
ਫਿਰੋਜ਼ਪੁਰ (ਮਲਹੋਤਰਾ) - ਗੁਜਰਾਤ ਮਗਰੋਂ ਰਾਜਸਥਾਨ 'ਚ ਕਹਿਰ ਬਣ ਰਹੇ ਟਿੱਡੀ ਦਲ ਨੂੰ ਦੇਖਦੇ ਹੋਏ ਰਾਜ ਦੇ ਹਰ ਜ਼ਿਲੇ 'ਚ ਰੋਜ਼ਾਨਾ ਖੇਤੀਬਾੜੀ ਵਿਭਾਗ ਪੰਜਾਬ ਨੂੰ ਟਿੱਡੀ ਦਲ ਸਬੰਧੀ ਰਿਪੋਰਟ ਭੇਜੀ ਜਾ ਰਹੀ ਹੈ। ਚੀਫ ਐਗਰੀਕਲਚਰ ਅਧਿਕਾਰੀ ਡਾ. ਗੁਰਮੇਲ ਸਿੰਘ ਨੇ ਸਪੱਸ਼ਟ ਕੀਤਾ ਕਿ ਹਾਲੇ ਪੰਜਾਬ 'ਚ ਟਿੱਡੀ ਦਲ ਦਾ ਕੋਈ ਖਤਰਾ ਨਹੀਂ ਹੈ ਪਰ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਗੰਗਾਨਗਰ ਜ਼ਿਲੇ 'ਚ ਇਸ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਟਿੱਡੀ ਦਲ ਵਲੋਂ ਕੀਤੇ ਗਏ ਇਸ ਹਮਲੇ ਨੂੰ ਦੇਖਦਿਆਂ ਹੋਇਆਂ ਨਿਕਟ ਭਵਿੱਖ 'ਚ ਕਿਸੇ ਵੀ ਖਤਰੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਢਾਈ ਹਜ਼ਾਰ ਲੋਕਾਂ ਦਾ 1 ਸਾਲ ਦਾ ਭੋਜਨ 1 ਦਿਨ 'ਚ ਚੱਟ ਕਰ ਜਾਂਦਾ ਹੈ ਟਿੱਡੀ ਦਲ
ਜ਼ਿਆਤਾਤਰ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਟਿੱਡੀ ਦਲਾਂ 'ਤੇ ਨਜ਼ਰ ਰੱਖਣ ਲਈ ਕੰਮ ਕਰ ਰਹੀ ਲੋਕਸਟ ਵਾਰਨਿੰਗ ਆਰਗੇਨਾਈਜ਼ੇਸ਼ਨ ਅਰਥਾਤ ਟਿੱਡੀ ਦਲ ਚਿਤਾਵਨੀ ਸੰਗਠਨ ਦੀ ਰਿਪੋਰਟ ਅਨੁਸਾਰ ਪਿਛਲੇ ਇਕ ਹਫਤੇ 'ਚ ਬੀਕਾਨੇਰ ਦੇ ਖਾਜੂਵਾਲਾ ਇਲਾਕੇ 'ਚ 10 ਕਿਲੋਮੀਟਰ ਲੰਬਾ ਟਿੱਡੀ ਦਲ ਪਹੁੰਚਿਆ ਹੈ। ਇਸ 'ਚ ਕਰੋੜਾਂ ਦੀ ਸੰਖਿਆ 'ਚ ਟਿੱਡੀਆਂ ਹਨ। ਇਸ ਦਲ ਨੂੰ ਖਤਮ ਕਰਨ ਦੇ ਲਈ ਮੁਹਿੰਮ ਲਗਾਤਾਰ ਜਾਰੀ ਹੈ। ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਪਾਏ ਜਾਣ ਵਾਲੇ ਸਾਰੇ ਟਿੱਡੀ ਦਲਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਮੌਸਮ ਵਿਚ ਨਮੀ ਦੀ ਮਾਤਰਾ ਘੱਟ ਹੋਣ ਕਾਰਣ ਅਤੇ ਹਵਾ ਪੱਛਮ ਤੋਂ ਪੂਰਬ ਵੱਲ ਹੋਣ ਕਾਰਣ ਪਾਕਿਸਤਾਨ ਤੋਂ ਵੱਡੀ ਸੰਖਿਆ ਵਿਚ ਟਿੱਡੀ ਦਲ ਭਾਰਤ ਵਿਚ ਆ ਰਹੇ ਹਨ। ਪਾਕਿਸਤਾਨ ਵੱਲੋਂ ਆ ਰਹੀ ਗੁਲਾਬੀ ਟਿੱਡੀ ਏਨੀ ਵੱਡੀ ਹੈ ਕਿ ਇਸ ਦਾ ਕੰਮ ਸਿਰਫ ਖਾਣਾ ਹੁੰਦਾ ਹੈ ਅਤੇ ਆਮ ਟਿੱਡੀ ਦਲ ਇਕ ਦਿਨ ਵਿਚ ਢਾਈ ਹਜ਼ਾਰ ਲੋਕਾਂ ਦੇ ਇਕ ਸਾਲ ਵਿਚ ਖਾਏ ਵਾਲੇ ਭੋਜਨ ਨੂੰ ਚੱਟ ਕਰ ਸਕਦਾ ਹੈ। ਭਾਰਤ ਵਿਚ 26 ਸਾਲ ਦੇ ਲੰਬੇ ਅਰਸੇ ਬਾਅਦ ਟਿੱਡੀ ਦਲ ਆਏ ਹਨ।
ਕੰਟਰੋਲ ਦੇ ਲਈ ਕੋਸ਼ਿਸ਼ਾਂ
ਟਿੱਡੀ ਦਲ ਨੂੰ ਖਤਮ ਕਰਨ ਦਾ ਇੱਕੋਂ-ਇੱਕ ਤਰੀਕਾ ਇਸ 'ਤੇ ਪੇਸਟੀਸਾਈਡ ਦਾ ਸਪਰੇ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਖਾਧ ਅਤੇ ਖੇਤੀ ਸੰਗਠਨ ਵੱਲੋਂ ਭਾਰਤ ਦੇ ਗੁਜਰਾਤ ਅਤੇ ਰਾਜਸਥਾਨ ਵਿਚ ਹੋਣ ਵਾਲੇ ਟਿੱਡੀ ਦਲ ਦੇ ਹਮਲਿਆਂ ਦੇ ਦਿੱਤੇ ਗਏ ਅਨੁਮਾਨ ਅਨੁਸਾਰ ਪਿਛਲੇ ਸੱਤ ਮਹੀਨਿਆਂ ਦੌਰਾਨ 2.30 ਲੱਖ ਲੀਟਰ ਮੈਲੋਥੀਨ ਪੇਸਟੀਸਾਈਡ ਦਾ ਸਪਰੇ ਕਰ ਕੇ ਇਨਾਂ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਚੁੱਕਾ ਹੈ।
ਪੰਜਾਬ ਕਿਉਂ ਅਲਰਟ 'ਤੇ
ਰਾਜਸਥਾਨ ਵਿਚ ਏਨੀਂ ਦਿਨੀ ਬਾਜ਼ਰੇ ਦੀ ਫਸਲ ਪੱਕ ਕੇ ਤਿਆਰ ਹੈ ਅਤੇ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਅਬੋਹਰ ਅਤੇ ਫਾਜ਼ਿਲਕਾ ਵਿਚ ਇਸ ਸਮੇਂ ਕਪਾਹ ਅਤੇ ਫਲਾਂ ਦੀ ਫਸਲ ਤਿਆਰ ਹੈ। ਜੇਕਰ ਇਨ੍ਹਾਂ ਇਲਾਕਿਆਂ ਵਿਚ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕੰਟਰੋਲ ਨਾ ਹੋਣ ਦੀ ਹਾਲਤ ਵਿਚ ਇਹ ਟਿੱਡੀ ਦਲ ਕੁਝ ਹੀ ਦਿਨਾਂ ਵਿਚ ਕਪਾਹ ਅਤੇ ਫਲਾਂ ਦੀ ਫਸਲ ਨੂੰ ਨਸ਼ਟ ਕਰਦੇ ਹੋਏ ਅੱਗੇ ਵੱਧ ਸਕਦੇ ਹਨ ਜੋ ਅਗਲੇ ਮਹੀਨੇ ਪੰਜਾਬ ਵਿਚ ਕਈ ਲੱਖ ਹੈਕਟੇਅਰ ਵਿਚ ਤਿਆਰ ਹੋਣ ਜਾ ਰਹੀ ਕਣਕ ਦੀ ਫਸਲ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਪੰਜਾਬ ਦੇਸ਼ ਦਾ ਅੰਨ ਭੰਡਾਰ ਹੈ ਅਤੇ ਇੱਥੇ ਕਿਸੇ ਪ੍ਰਕਾਰ ਦੇ ਫਸਲੀ ਹਮਲੇ ਦਾ ਅਸਰ ਪੂਰੇ ਦੇਸ਼ 'ਤੇ ਪਵੇਗਾ। ਇਸ ਲਈ ਕੇਂਦਰੀ ਖਾਧ ਅਤੇ ਖੇਤੀ ਸੰਗਠਨ ਵੱਲੋਂ ਪੰਜਾਬ 'ਤੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ।
ਇਕ ਮਹੀਨੇ ਤੋਂ ਚੱਲ ਰਿਹਾ ਹੈ ਅਲਰਟ
ਚੀਫ ਐਗਰੀਕਲਅਰ ਅਧਿਕਾਰੀ ਡਾ. ਗੁਰਮੇਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਹਮਲਿਆਂ ਸਬੰਧੀ ਪੰਜਾਬ ਵਿਚ ਪਿਛਲੇ ਇਕ ਮਹੀਨੇ ਤੋਂ ਅਲਰਟ ਚੱਲ ਰਿਹਾ ਹੈ। ਹਾਲੇ ਪੰਜਾਬ ਵਿਚ ਕਿਤੇ ਵੀ ਟਿੱਡੀ ਦਲ ਦੇ ਹਮਲੇ ਦੀ ਕੋਈ ਸੂਚਨਾ ਨਹੀਂ ਹੈ ਪਰ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਵਿਚ ਟਿੱਡੀ ਦਲ ਦੇ ਅਟੈਕ ਨੂੰ ਦੇਖਦਿਆਂ ਹੋਇਆਂ ਭਵਿੱਖ ਵਿਚ ਪੰਜਾਬ ਵਿਚ ਇਸ ਦੇ ਅਟੈਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦਾ ਕੰਮ ਸਿਰਫ ਖਾਣਾ ਹੁੰਦਾ ਹੈ ਅਤੇ ਇਹ ਹਰ ਕਿਸਮ ਦੀ ਫਸਲ, ਰੁੱਖਾਂ ਅਤੇ ਪੌਦਿਆਂ ਨੂੰ ਨਸ਼ਟ ਕਰ ਦਿੰਦੇ ਹਨ। ਪੰਜਾਬ ਵਿਚ ਇਸ ਦੇ ਹਮਲੇ ਦੀ ਕਿਸੇ ਵੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਖੇਤੀਬਾੜੀ ਵਿਭਾਗ ਵੱਲੋਂ ਪ੍ਰਬੰਧ ਕਰ ਲਏ ਗਏ ਹਨ।