ਸ਼ਰਾਬੀਆਂ ਤੋਂ ਤੰਗ ਮਹਿਲਾ ਮੁਲਾਜ਼ਮਾਂ ਦਾ ਫੁੱਟਿਆ ਗੁੱਸਾ, ਸ਼ਰਾਬ ਸੜਕ ''ਤੇ ਰੱਖ ਕੇ ਠੇਕਾ ਕੀਤਾ ਬੰਦ
Tuesday, Jul 11, 2017 - 11:40 AM (IST)
ਲਾਂਬੜਾ(ਵਰਿੰਦਰ/ ਮਹੇਸ਼)— ਥਾਣਾ ਸਦਰ ਅਧੀਨ ਆਉਂਦੇ ਪਿੰਡ ਪ੍ਰਤਾਪਪੁਰਾ ਤੋਂ ਰਾਮਪੁਰ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਜਲੋਟੋ ਫੈਕਟਰੀ ਦੀਆਂ ਮਹਿਲਾ ਮਲਾਜ਼ਮਾਂ, ਫੈਕਟਰੀ ਦੇ ਬਿਲਕੁਲ ਸਾਹਮਣੇ ਚਲਾਏ ਜਾ ਰਹੇ ਸ਼ਰਾਬ ਦੇ ਠੇਕੇ 'ਤੇ ਖੜ੍ਹੇ ਰਹਿੰਦੇ ਸ਼ਰਾਬੀਆਂ ਤੋਂ ਕਾਫੀ ਪਰੇਸ਼ਾਨ ਹਨ। ਸੋਮਵਾਰ ਨੂੰ ਉਨ੍ਹਾਂ ਦਾ ਸਬਰ ਦਾ ਬੰਨ੍ਹ ਆਖਿਰ ਟੁੱਟ ਹੀ ਗਿਆ। ਸਵੇਰੇ ਕਰੀਬ 10 ਵਜੇ ਜਦੋਂ ਫੈਕਟਰੀ ਖੁੱਲ੍ਹੀ ਤਾਂ ਫੈਕਟਰੀ 'ਚ ਕੰਮ ਕਰਦੀਆਂ ਵੱਡੀ ਗਿਣਤੀ 'ਚ ਔਰਤਾਂ ਇਕੱਠੀਆਂ ਹੋ ਗਈਆਂ, ਜਿਨ੍ਹਾਂ ਨੇ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਠੇਕੇ ਸਾਹਮਣੇ ਸੜਕ 'ਤੇ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ।
ਇਸ ਦੌਰਾਨ ਪ੍ਰਦਰਸ਼ਨਕਾਰੀ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਫੈਕਟਰੀ ਵਿਚ ਆਉਣ-ਜਾਣ ਦੇ ਸਮੇਂ ਇੱਥੇ ਠੇਕੇ ਦੇ ਕੋਲ ਖੜ੍ਹੇ ਰਹਿਣ ਵਾਲੇ ਕੁਝ ਸ਼ਰਾਬੀ ਨਸ਼ੇ ਵਿਚ ਅਕਸਰ ਉਨ੍ਹਾਂ ਨੂੰ ਬਹੁਤ ਹੀ ਘਟੀਆ ਸ਼ਬਦਾਵਲੀ ਬੋਲਦੇ ਹਨ, ਜਿਸ ਕਾਰਨ ਉਨ੍ਹਾਂ ਦਾ ਇੱਥੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਬੀਤੇ ਸ਼ਨੀਵਾਰ ਵੀ ਕੁਝ ਸ਼ਰਾਬੀਆਂ ਵੱਲੋਂ ਫੈਕਟਰੀ 'ਚ ਕੰਮ ਕਰਦੀਆਂ ਕੁਝ ਔਰਤਾਂ ਨੂੰ ਬਹੁਤ ਘਟੀਆ ਬੋਲ ਬੋਲੇ। ਔਰਤਾਂ ਮੰਗ ਕਰ ਰਹੀਆਂ ਸਨ ਕਿ ਠੇਕੇ ਨੂੰ ਇਸ ਜਗ੍ਹਾ ਤੋਂ ਤੁਰੰਤ ਹਟਾਇਆ ਜਾਵੇ।
ਸ਼ਰਾਬ ਦੀ ਇਕ-ਇਕ ਬੋਤਲ ਸੜਕ 'ਤੇ ਰੱਖ ਕੇ ਠੇਕਾ ਕੀਤਾ ਬੰਦ
ਪ੍ਰਦਰਸ਼ਨਕਾਰੀ ਔਰਤਾਂ ਨੇ ਰੋਸ ਵਜੋਂ ਠੇਕੇ ਅੰਦਰ ਪਈਆਂ ਸ਼ਰਾਬ ਦੀਆਂ ਸਾਰੀਆਂ ਪੇਟੀਆਂ, ਇਕ-ਇਕ ਬੋਤਲ ਅਤੇ ਠੇਕੇ ਦੀ ਫਰਿੱਜ ਤੱਕ ਵੀ ਬਾਹਰ ਕੱਢ ਕੇ ਸੜਕ 'ਤੇ ਰੱਖ ਦਿੱਤੀ ਅਤੇ ਠੇਕਾ ਖਾਲੀ ਕਰ ਕੇ ਸ਼ਟਰ ਬੰਦ ਕਰ ਦਿੱਤਾ।
ਠੇਕਾ ਬੰਦ ਕਰਨ ਦੇ ਭਰੋਸੇ 'ਤੇ ਖੋਲ੍ਹਿਆ ਜਾਮ
ਸੜਕ 'ਤੇ ਕਰੀਬ ਇਕ ਘੰਟੇ ਤੱਕ ਉਕਤ ਔਰਤਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਅਤੇ ਚੱਕਾ ਜਾਮ ਜਾਰੀ ਰਿਹਾ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ ਅਤੇ ਇਸ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਅਦ 'ਚ ਥਾਣਾ ਸਦਰ ਜਸ਼ਮੇਰ ਦੇ ਮੁਖੀ ਕੁਲਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਹ ਠੇਕਾ ਹਰ ਹਾਲਤ 'ਚ ਬੰਦ ਕਰਵਾਇਆ ਜਾਵੇਗਾ, ਜਿਸ 'ਤੇ ਪ੍ਰਦਰਸ਼ਨਕਾਰੀ ਔਰਤਾਂ ਨੇ ਜਾਮ ਖੋਲ੍ਹ ਦਿੱਤਾ ਤੇ ਰਾਹਗੀਰਾਂ ਨੇ ਵੀ ਸੁੱਖ ਦਾ ਸਾਹ ਲਿਆ।
ਸ਼ਿਕਾਇਤ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ : ਮੈਨੇਜਰ ਜਸਵਿੰਦਰ ਸਿੰਘ
ਫੈਕਟਰੀ ਦੇ ਮੈਨੇਜਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਨ੍ਹਾਂ ਵੱਲੋਂ ਪੁਲਸ ਤੇ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੂੰ ਠੇਕੇ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
