ਨਿੱਜੀ ਫ਼ਾਇਦੇ ਲਈ 243 ਗਰਭਵਤੀ ਮਹਿਲਾਵਾਂ ਨੂੰ ਇੰਝ ਖੱਜਲ ਕਰਦੀ ਰਹੀ ਮਹਿਲਾ ਡਾਕਟਰ

Wednesday, Mar 06, 2024 - 04:33 AM (IST)

ਨਿੱਜੀ ਫ਼ਾਇਦੇ ਲਈ 243 ਗਰਭਵਤੀ ਮਹਿਲਾਵਾਂ ਨੂੰ ਇੰਝ ਖੱਜਲ ਕਰਦੀ ਰਹੀ ਮਹਿਲਾ ਡਾਕਟਰ

ਲੁਧਿਆਣਾ (ਸਹਿਗਲ)– ਸਿਵਲ ਹਸਪਤਾਲ ’ਚ ਤਾਇਨਾਤ ਮਹਿਲਾ ਡਾਕਟਰ ਨੇ 2 ਮਹੀਨਿਆਂ ’ਚ 243 ਗਰਭਵਤੀ ਮਹਿਲਾਵਾਂ ਨੂੰ ਨਿੱਜੀ ਅਲਟਰਾਸਾਊਂਡ ਸੈਂਟਰ ’ਚ ਭੇਜ ਕੇ ਸਰਕਾਰ ਵਲੋਂ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਥੇ ਦੂਜੇ ਪਾਸੇ ਸਿਵਲ ਹਸਪਤਾਲ ’ਚ ਅਲਟਰਾਸਾਊਂਡ ਬਿਲਕੁਲ ਮੁਫ਼ਤ ਹੈ। ਨਿੱਜੀ ਅਲਟਰਾਸਾਊਂਡ ਸੈਂਟਰ ਮਹਿਲਾ ਡਾਕਟਰ ਦੇ ਪਤੀ ਵਲੋਂ ਚਲਾਇਆ ਜਾ ਰਿਹਾ ਹੈ।

ਇਹ ਮਾਮਲਾ ਸਿਹਤ ਵਿਭਾਗ ਵਲੋਂ ਛਾਣਬੀਨ ਕਰਨ ਉਪਰੰਤ ਸਾਹਮਣੇ ਆਇਆ, ਜਦੋਂ 30 ਦਸੰਬਰ ਨੂੰ ਸਿਵਲ ਸਰਜਨ ਡਾ. ਜਸਬੀਰ ਸਿੰਘ ਔਖਲ ਨਿਰੀਖਣ ਲਈ ਸਿਵਲ ਹਸਪਤਾਲ ਪੁੱਜੇ ਤੇ ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਕਈ ਅਨਿਯਮਿਤਾਵਾਂ ਨੋਟ ਕੀਤੀਆਂ ਤੇ ਸ਼ੱਕੀ ਮਾਮਲਿਆਂ ’ਤੇ ਛਾਣਬੀਨ ਸ਼ੁਰੂ ਕਰ ਦਿੱਤੀ, ਜਿਸ ’ਚ ਇਕ ਮਾਮਲਾ ਗਰਭਵਤੀ ਮਹਿਲਾਵਾਂ ਨੂੰ ਅਲਟਰਾਸਾਊਂਡ ਲਈ ਨਿੱਜੀ ਕਲੀਨਿਕ ’ਤੇ ਭੇਜਣ ਦਾ ਵੀ ਸਾਹਮਣੇ ਆਇਆ।

ਇਹ ਖ਼ਬਰ ਵੀ ਪੜ੍ਹੋ : ਅੱਜ ਹਜ਼ਾਰਾਂ ਦੀ ਗਿਣਤੀ ’ਚ ਦਿੱਲੀ ਦੇ ਜੰਤਰ-ਮੰਤਰ ਪਹੁੰਚਣਗੇ ਕਿਸਾਨ, ਸੈਕੜੇ ਸੋਸ਼ਲ ਮੀਡੀਆ ਅਕਾਊਂਟਸ ਕੀਤੇ ਬੰਦ

ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦਾ ਕਹਿਣਾ ਹੈ ਕਿ ਜਾਂਚ ’ਚ ਇਹ ਵੀ ਸਾਹਮਣੇ ਆਇਆ ਉਕਤ ਮਹਿਲਾ ਡਾਕਟਰ ਆਪਣੇ ਪਤੀ ਦੇ ਕਲੀਨਿਕ ’ਤੇ ਖ਼ੁਦ ਵੀ ਨਿੱਜੀ ਪ੍ਰੈਕਟਿਸ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜਵਾਬ-ਤਲਬੀ ਕੀਤੀ ਗਈ ਤਾਂ ਉਕਤ ਮਹਿਲਾ ਡਾਕਟਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੀ। ਜਾਂਚ ਦੌਰਾਨ ਪਤਾ ਲੱਗਾ ਕਿ ਅਕਤੂਬਰ ਮਹੀਨੇ ’ਚ ਸਿਵਲ ਹਸਪਤਾਲ ਤੋਂ 125 ਗਰਭਵਤੀ ਮਹਿਲਾਵਾਂ ਨੂੰ ਆਪਣੇ ਪਤੀ ਦੇ ਨਿੱਜੀ ਅਲਟਰਾਸਾਊਂਡ ਸੈਂਟਰ ’ਤੇ ਭੇਜਿਆ ਤੇ ਰੈਫਰ ਕਰਦੇ ਸਮੇਂ ਮਰੀਜ਼ ਦਾ ਵੇਰਵਾ ਪਰਚੀ ’ਤੇ ਨਹੀਂ ਲਿਖਿਆ।

ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਉਨ੍ਹਾਂ ਨੇ ਸਾਰੇ ਡਾਕਟਰਾਂ ਲਈ ਜੋ ਸਰਕਾਰੀ ਸੇਵਾ ’ਚ ਹਨ, ਇਕ ਸੈਲਫ ਡੈਕਲਾਰੇਸ਼ਨ ਫਾਰਮ ਭਰਨਾ ਜ਼ਰੂਰੀ ਕਰ ਦਿੱਤਾ ਹੈ, ਜਿਸ ’ਚ ਡਾਕਟਰ ਨੂੰ ਇਹ ਵੀ ਲਿਖਣਾ ਜ਼ਰੂਰੀ ਹੋਵੇਗਾ ਕਿ ਉਹ ਨਿੱਜੀ ਪ੍ਰੈਕਟਿਸ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਰਕਾਰੀ ਡਾਕਟਰਾਂ ਨੂੰ ਨਾਨ-ਪ੍ਰੈਕਟਸਿੰਗ ਅਲਾਊਂਸ ਦਿੱਤਾ ਜਾਂਦਾ ਹੈ ਤੇ ਸਰਕਾਰ ਦੀ ਸੇਵਾ ’ਚ ਰਹਿੰਦਿਆਂ ਡਾਕਟਰ ਨਿੱਜੀ ਪ੍ਰੈਕਟਿਸ ਨਹੀਂ ਕਰ ਸਕਦੇ ਹਨ। ਮਾਮਲਾ ਉਜਾਗਰ ਹੋਣ ਤੋਂ ਬਾਅਦ ਸਿਵਲ ਸਰਜਨ ਨੇ ਇਸ ਬਾਰੇ ਇਕ ਰਿਪੋਰਟ ਬਣਾ ਕੇ ਡਾਇਰੈਕਟਰ ਹੈਲਥ ਨੂੰ ਭੇਜ ਦਿੱਤੀ, ਜਿਥੋਂ ਜਵਾਬ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News