ਤਿੰਨ-ਚਾਰ ਦਿਨ ਜਿਮ ਜਾਣ ’ਤੇ ਨਹੀਂ ਮੋੜੀ ਫੀਸ, ਹੁਣ ਜਿਮ ਮਾਲਕਾਂ ’ਤੇ ਹੋਈ ਵੱਡੀ ਕਾਰਵਾਈ
Monday, Mar 11, 2024 - 05:05 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜਿਮ ਜੁਆਇਨ ਕਰਨ ਤੋਂ ਮਹਿਜ਼ ਤਿੰਨ-ਚਾਰ ਦਿਨਾਂ ਦੌਰਾਨ ਕਰਵਾਈ ਗਈ ਮੁਸ਼ਕਲ ਟਰੇਨਿੰਗ ਕਾਰਨ ਤਬੀਅਤ ਖ਼ਰਾਬ ਹੋਣ ’ਤੇ ਖ਼ਪਤਕਾਰ ਕਮਿਸ਼ਨ ਨੇ ਸੈਕਟਰ-17 ਸਥਿਤ ਰਾ ਹਾਊਸ ਫਿਟਨੈੱਸ ਜਿਮ ’ਤੇ 7000 ਰੁਪਏ ਦਾ ਜੁਰਮਾਨਾ ਲਾਇਆ ਹੈ। ਨਾਲ ਹੀ ਕਮਿਸ਼ਨ ਨੇ ਜਿਮ ਦੀ ਮੈਂਬਰਸ਼ਿਪ ਵਜੋਂ ਗਾਹਕ ਵਲੋਂ ਜਮ੍ਹਾਂ ਕਰਵਾਈ 4050 ਰੁਪਏ ਦੀ ਫੀਸ 9 ਫ਼ੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਖਪਤਕਾਰ ਨੇ ਦੋਸ਼ ਲਾਇਆ ਸੀ ਕਿ ਜਿਮ ’ਚ ਉਸ ਤੋਂ ਜ਼ਿਆਦਾ ਭਾਰੀ ਅਤੇ ਮੁਸ਼ਕਲ ਕਸਰਤਾਂ ਕਰਵਾਈਆਂ ਗਈਆਂ, ਜਿਸ ਲਈ ਉਹ ਤਿਆਰ ਨਹੀਂ ਸੀ। ਇਸ ਕਾਰਨ ਉਸ ਦੀ ਸਿਹਤ ਵਿਗੜ ਗਈ। ਉਸ ਨੇ ਸਿਰਫ਼ ਤਿੰਨ-ਚਾਰ ਦਿਨ ਹੀ ਜਿੰਮ ਜਾਣ ਤੋਂ ਬਾਅਦ ਆਪਣੀ ਫੀਸ ਵਾਪਸ ਕਰਨ ਦੀ ਮੰਗ ਜਿਮ ਮਾਲਕਾਂ ਤੋਂ ਕੀਤੀ ਪਰ ਉਨ੍ਹਾਂ ਵਲੋਂ ਪੈਸੇ ਵਾਪਸ ਨਹੀਂ ਕੀਤੇ ਗਏ। ਹਾਲਾਂਕਿ ਕਮਿਸ਼ਨ ’ਚ ਸੁਣਵਾਈ ਦੌਰਾਨ ਇਹ ਸਾਬਤ ਹੋਇਆ ਕਿ ਸ਼ਿਕਾਇਤਕਰਤਾ ਨੇ ਜਿਮ ਦੀ ਮੈਂਬਰਸ਼ਿਪ ਲੈਣ ਸਮੇਂ ਜਿਸ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਸਨ, ਉਸ ’ਚ ਇਹ ਸ਼ਰਤ ਸੀ ਕਿ ਜੇ ਜਿਮ ’ਚ ਕਸਰਤ ਕਰਦੇ ਸਮੇਂ ਕੋਈ ਹਾਦਸਾ ਵਾਪਰਦਾ ਹੈ ਤਾਂ ਜਿਮ ਮਾਲਕਾਂ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ। ਇਸ ਲਈ ਕਮਿਸ਼ਨ ਨੇ ਸਿਹਤ ਵਿਗੜਨ ਵਾਲੀ ਸ਼ਿਕਾਇਤ ਨੂੰ ਸਵੀਕਾਰ ਨਹੀਂ ਕੀਤਾ ਪਰ ਫੀਸ ਵਾਪਸ ਨਾ ਕਰਨ ’ਤੇ ਜਿਮ ਦੀ ਮੈਨੇਜਮੈਂਟ ਖ਼ਿਲਾਫ਼ ਫ਼ੈਸਲਾ ਸੁਣਾ ਦਿੱਤਾ। ਸੈਕਟਰ-16 ਦੇ ਵਸਨੀਕ ਸਿਮਰਨਜੀਤ ਸਿੰਘ ਸਿੱਧੂ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ’ਚ ਦਾਇਰ ਕੀਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਨੇ 6 ਦਸੰਬਰ 2021 ਨੂੰ ਜਿਮ ਜਾਣਾ ਸ਼ੁਰੂ ਕੀਤਾ ਸੀ। ਉਸ ਨੇ 4500 ਰੁਪਏ ਫੀਸ ਅਦਾ ਕੀਤੀ।
ਇਹ ਵੀ ਪੜ੍ਹੋ : ਪੰਜਾਬ ਤੇ ਦਿੱਲੀ ਬਦਲ ਗਏ, ਹੁਣ ਬਦਲੇਗਾ ਹਰਿਆਣਾ : ਮੁੱਖ ਮੰਤਰੀ ਮਾਨ
ਪਹਿਲੇ ਦੋ ਦਿਨ ਤਾਂ ਉਸ ਨੇ ਆਸਾਨ ਕਸਰਤ ਕੀਤੀ ਅਤੇ ਹਲਕਾ ਭਾਰ ਚੁੱਕਿਆ ਪਰ ਤੀਜੇ ਦਿਨ ਟਰੇਨਰ ਨੇ ਉਸ ਨੂੰ ਭਾਰੀ ਵਜ਼ਨ ਚੁੱਕਣ ਲਈ ਕਿਹਾ ਅਤੇ ਲੋੜ ਤੋਂ ਵੱਧ ਕਸਰਤ ਕਰਵਾਈ। ਨਤੀਜਾ ਇਹ ਹੋਇਆ ਕਿ ਉਸ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ। ਉਸ ਨੇ ਟਰੇਨਰ ਨੂੰ ਵੀ ਦੱਸਿਆ ਪਰ ਉਹ ਨਹੀਂ ਮੰਨਿਆ ਅਤੇ ਉਸ ਤੋਂ ਮੁਸ਼ਕਲ ਕਸਰਤਾਂ ਕਰਵਾਉਂਦਾ ਰਿਹਾ, ਜਿਸ ਕਾਰਨ ਉਸ ਦੀ ਸਿਹਤ ਹੋਰ ਵਿਗੜ ਗਈ। ਉਸ ਨੇ ਇਸ ਬਾਰੇ ਆਪਣੀ ਪਤਨੀ ਨਾਲ ਗੱਲ ਕੀਤੀ, ਜੋ ਕਿ ਡਾਕਟਰ ਸੀ। ਉਸ ਨੇ ਆਪਣਾ ਮੈਡੀਕਲ ਚੈਕਅਪ ਕਰਵਾਇਆ। ਉਸ ਦੀ ਸਿਹਤ ਹੋਰ ਵਿਗੜ ਗਈ। ਉਸ ਨੇ ਜਿਮ ਮੈਨੇਜਮੈਂਟ ਅਤੇ ਟਰੇਨਰ ’ਤੇ ਲਾਪਰਵਾਹੀ ਦਾ ਦੋਸ਼ ਲਾਇਆ ਅਤੇ ਖਪਤਕਾਰ ਕਮਿਸ਼ਨ ’ਚ ਮਾਮਲਾ ਦਰਜ ਕਰਵਾਇਆ।
ਇਹ ਵੀ ਪੜ੍ਹੋ : ਯਾਤਰੀ ਨੇ ਸ਼ਤਾਬਦੀ ’ਚ ਸਫ਼ਰ ਦੌਰਾਨ ਲਿਆ ਸੂਪ, ਵਿਚ ਕਾਕਰੋਚ ਦੇਖ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e